ਜਨਤਾ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਟੀਮ, ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸੈਂਪਲਿੰਗ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਬੀ.ਆਰ.ਐਸ. ਨਗਰ, ਸੁਨੇਤ ਅਤੇ ਪੱਖੋਵਾਲ ਰੋਡ ਖੇਤਰਾਂ ਵਿੱਚੋਂ ਕੁੱਲ ਪੰਜ ਸੈਂਪਲ ਇਕੱਠੇ ਕੀਤੇ ਗਏ, ਜਿਨ੍ਹਾਂ ਵਿੱਚ ਸ਼ੱਕਰ, ਦੁੱਧ, ਪਨੀਰ, ਮੋਜ਼ਰੇਲਾ ਚੀਜ਼ ਅਤੇ ਆਈਸਕ੍ਰੀਮ ਸ਼ਾਮਲ ਹਨ। ਇਹ ਪਦਾਰਥ ਆਮ ਵਰਤੋਂ ਵਿੱਚ ਹੋਣ ਕਰਕੇ ਨਿਯਮਿਤ ਤੌਰ ‘ਤੇ ਜਾਂਚ ਹੇਠ ਰੱਖੇ ਜਾਂਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਮਾਛੀਵਾੜਾ ਸਾਹਿਬ ਅਤੇ ਕੋਹਾੜਾ ਰੋਡ ਇਲਾਕਿਆਂ ਵਿੱਚ ਕੀਤੀ ਗਈ ਵੱਖਰੀ ਕਾਰਵਾਈ ਦੌਰਾਨ ਟੀਮ ਵੱਲੋਂ ਹੋਰ ਛੇ ਸੈਂਪਲ ਇਕੱਠੇ ਕੀਤੇ ਗਏ। ਇਨ੍ਹਾਂ ਵਿੱਚ ਮਸੂਰ ਦੀ ਦਾਲ, ਵੈਜੀਟੇਬਲ ਆਇਲ, ਪਨੀਰ, ਸ਼ੂਗਰ ਬਾਇਲਡ ਕੰਫੈਕਸ਼ਨਰੀ, ਗੁੜ ਅਤੇ ਸਰੋਂ ਦਾ ਤੇਲ ਸ਼ਾਮਲ ਹਨ। ਕੁੱਲ 11 ਸੈਂਪਲ ਇਕੱਠੇ ਕਰਕੇ ਪ੍ਰਮਾਣਿਤ ਲੈਬੋਰਟਰੀ ਵਿੱਚ ਵਿਸ਼ਲੇਸ਼ਣ ਲਈ ਭੇਜੇ ਗਏ ਹਨ।
ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਫ.ਐਸ.ਐਸ.ਏ.ਆਈ. ਵੱਲੋਂ ਖਾਦ ਪਦਾਰਥਾਂ ਦੀ ਗੁਣਵੱਤਾ, ਸਫਾਈ ਅਤੇ ਲੇਬਲਿੰਗ ਲਈ ਸਖ਼ਤ ਮਾਪਦੰਡ ਨਿਰਧਾਰਤ ਕੀਤੇ ਗਏ ਹਨ ਅਤੇ ਕਿਸੇ ਵੀ ਕਿਸਮ ਦੀ ਮਿਲਾਵਟ ਜਾਂ ਘਟੀਆ ਮਿਆਰ ਪਾਏ ਜਾਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਖਾਦ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਦੇ ਮਿਆਰਾਂ ਦੀ ਪਾਲਣਾ ਕਰਨ, ਸਿਰਫ਼ ਮਨਜ਼ੂਰਸ਼ੁਦਾ ਸਮੱਗਰੀ ਦੀ ਵਰਤੋਂ ਕਰਨ ਅਤੇ ਐਫ.ਐਸ.ਐਸ.ਏ.ਆਈ. ਦੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਖਾਦ ਪਦਾਰਥ ਖਰੀਦਦੇ ਸਮੇਂ ਲੇਬਲਿੰਗ ਅਤੇ ਗੁਣਵੱਤਾ ਦੀ ਜਾਂਚ ਕਰਨ ਅਤੇ ਕਿਸੇ ਵੀ ਸ਼ੱਕੀ ਮਾਮਲੇ ਦੀ ਸੂਚਨਾ ਸੰਬੰਧਿਤ ਅਧਿਕਾਰੀਆਂ ਨੂੰ ਦੇਣ।
ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਜਨ ਸਿਹਤ ਦੀ ਰੱਖਿਆ ਲਈ ਅਜਿਹੀਆਂ ਕਾਰਵਾਈਆਂ ਅਗੇ ਵੀ ਜਾਰੀ ਰਹਿਣਗੀਆਂ। ਲੈਬੋਰਟਰੀ ਰਿਪੋਰਟਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇਗੀ।