ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਿਹਾਂਤ ਹੋ ਗਿਆ। ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਗਾਇਕ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਵੀਰ ਜਵੰਦਾ ਨੇ ਸਵੇਰੇ 10:55 ਵਜੇ ਆਖਰੀ ਸਾਹ ਲਏ। ਉਹ ਬੀਤੀ 27 ਸਤੰਬਰ ਨੂੰ ਬੱਦੀ ਨਜ਼ਦੀਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਹਾਦਸੇ ਮੌਕੇ ਜਵੰਦਾ ਆਪਣੇ ਮੋਟਰਸਾਈਕਲ ਤੇ ਸ਼ਿਮਲਾ ਜਾ ਰਿਹਾ ਸੀ। ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ 27 ਸਤੰਬਰ, 2025 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਬਹੁਤ ਹੀ ਗੰਭੀਰ ਹਾਲਤ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿਚ ਰੀੜ੍ਹ ਦੀ ਹੱਡੀ ਦੀਆਂ ਗੰਭੀਰ ਸੱਟਾਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ। ਵਿਆਪਕ ਡਾਕਟਰੀ ਸਹਾਇਤਾ ਅਤੇ ਕ੍ਰਿਟੀਕਲ ਕੇਅਰ ਅਤੇ ਨਿਊਰੋਸਰਜਰੀ ਟੀਮਾਂ ਦੁਆਰਾ ਨਿਰੰਤਰ ਨਿਗਰਾਨੀ ਦੇ ਬਾਵਜੂਦ, ਅੱਜ ਸਵੇਰੇ ਉਹ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਦਮ ਤੋੜ ਗਏ। ਹਸਪਤਾਲ ਨੇ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮੁਹਾਲੀ ਫੇਜ਼-6 ਦੇ ਸਰਕਾਰੀ ਹਸਪਤਾਲ ਵਿੱਚ ਰਾਜਵੀਰ ਜਾਵੰਦਾ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਜਗਰਾਓਂ ਨੇੜੇ ਜੱਦੀ ਪਿੰਡ ਪੋਨਾ ਲਿਜਾਇਆ ਗਿਆ। ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ। ਗਾਇਕ ਦੇ ਅਕਾਲ ਚਲਾਣੇ ਦਾ ਪਤਾ ਲੱਗਦਿਆਂ ਹੀ ਫੋਰਟਿਸ ਹਸਪਤਾਲ ਵਿੱਚ ਗਾਇਕਾਂ ਕਲਾਕਾਰਾਂ ਦੀ ਆਮਦ ਵਧ ਗਈ। ਕੰਵਰ ਗਰੇਵਾਲ, ਰੇਸ਼ਮ ਅਨਮੋਲ, ਹਰਫ਼ ਚੀਮਾ, ਕਰਮਜੀਤ ਅਨਮੋਲ, ਗਾਇਕਾ ਰੁਪਿੰਦਰ ਹਾਂਡਾ, ਅਦਾਕਾਰ ਬੀ ਐਨ ਸ਼ਰਮਾ ਤੇ ਪ੍ਰਕਾਸ਼ ਗਾਧੂ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਮੁਹਾਲੀ ਤੋਂ ਸਾਬਕਾ ਵਿਧਾਇਕ ਬਲਬੀਰ ਸਿੱਧੂ, ਅਦਾਕਾਰਾ ਨੀਰੂ ਬਾਜਵਾ ਆਦਿ ਸਣੇ ਹੋਰਨਾਂ ਨੇ ਟਵੀਟ ਕਰਕੇ ਜਵੰਦਾ ਦੀ ਮੌਤ ਤੇ ਦੁੱਖ ਜਤਾਇਆ ਹੈ। ਲੁਧਿਆਣਾ ਦੇ ਜਗਰਾਓਂ ਦੇ ਪਿੰਡ ਪੋਨਾ ਦਾ ਰਹਿਣ ਵਾਲਾ ਜਵੰਦਾ ਆਪਣੇ ਗੀਤਾਂ 'ਤੂ ਦਿਸ ਪੈਂਦਾ', 'ਖੁਸ਼ ਰਿਹਾ ਕਰ', 'ਸਰਦਾਰੀ', 'ਸਰਨੇਮ', 'ਆਫ਼ਰੀਨ', "ਜ਼ਿਮੀਂਦਾਰ, 'ਡਾਊਨ ਟੂ ਅਰਥ' ਅਤੇ 'ਕੰਗਣੀ ਲਈ ਮਕਬੂਲ ਸੀ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ-ਸਟਾਰਰ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ', 2019 ਵਿੱਚ 'ਜਿੰਦ ਜਾਨ' ਅਤੇ 2019 ਵਿੱਚ 'ਮਿੰਦੋ ਤਹਿਸੀਲਦਾਰਨੀ' ਵਿੱਚ ਵੀ ਕੰਮ ਕੀਤਾ ਸੀ।