ਕਮੇਡੀਅਨ ਜਸਵਿੰਦਰ ਭੱਲਾ ਦਾ ਅੰਤਮ ਸਸਕਾਰ, ਕੈਬਿਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਦਿੱਤੀ ਗਈ ਸ਼ਰਧਾਂਜਲੀ
Aug23,2025
| Gurvinder Singh | Sas Nagar (mohali)
ਕਮੇਡੀਅਨ ਜਸਵਿੰਦਰ ਭੱਲਾ ਨੂੰ ਕੈਬਿਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਪੀ ਏ ਯੂ ਦੇ ਵੀ ਸੀ ਸਤਬੀਰ ਸਿੰਘ ਗੋਸਲ
ਅਤੇ ਡਿਪਟੀ ਕਮਿਸ਼ਨਰ ਕੋਮਲ ਮਿਤੱਲ ਵੱਲੋਂ ਦਿੱਤੀ ਗਈ ਸ਼ਰਧਾਂਜਲੀ
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਕਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਜਸਵਿੰਦਰ ਭੱਲਾ ਇੱਕ ਬੇਹਤਰੀਨ ਇਨਸਾਨ ਅਤੇ ਪੰਜਾਬੀਆਂ ਦਾ ਮਾਣ ਸਨ। ਉਨ੍ਹਾਂ ਕਿਹਾ ਕਿ ਭੱਲਾ ਨੇ ਸਭਨਾਂ ਦੇ ਚਿਹਰੇ ਉੱਤੇ ਸਦਾ ਹਾਸਾ ਲਿਆਂਦਾ ਹੈ। ਸੌਂਦ ਨੇ ਭੱਲਾ ਵੱਲੋਂ ਨਿਭਾਈ ਚਾਚਾ ਚਤਰਾ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ "ਤੁਸੀਂ, ਤੁਹਾਡੇ ਬੋਲ ਅਤੇ ਅਦਾਕਾਰੀ ਸਾਨੂੰ ਸਦਾ ਯਾਦ ਰਹਿਣਗੇ।"
ਸਵਰਗੀ ਭੱਲਾ ਦੇ ਅੰਤਮ ਸਸਕਾਰ ਮੌਕੇ ਪੁੱਜੇ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਜਸਵਿੰਦਰ ਭੱਲਾ ਨੇ 40 ਸਾਲ ਤੋਂ ਜ਼ਿਆਦਾ ਸੇਵਾ ਕੀਤੀ ਅਤੇ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਪੰਜਾਬੀ ਬੈਠੇ ਹਨ, ਉੱਥੇ-ਉੱਥੇ ਅੱਜ ਦੁੱਖ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਭੱਲਾ ਦੇ ਤੁਰ ਜਾਣ ਨਾਲ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਖਿਆ ਕਿ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਅਤੇ ਨੀਲੂ ਦੀ ਤਿੱਕੜੀ ਵੱਲੋਂ ਪੇਸ਼ ਕੀਤੀਆਂ ਵੱਖ ਵੱਖ ਛਣਕਾਟਾ ਵੀਡੀਓਜ਼ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ ਨੇ ਅੰਤਿਮ ਵਿਦਾਇਗੀ ਮੌਕੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਪੀ ਏ ਯੂ ਨੂੰ ਹਮੇਸ਼ਾਂ ਆਪਣੇ ਵਿਦਿਆਰਥੀ/ਅਧਿਆਪਕ ਤੇ ਮਾਣ ਰਹੇਗਾ, ਜਿਸ ਨੇ ਸਮੁੱਚੇ ਗਲੋਬ ਚ ਆਪਣੀ ਕਮੇਡੀ ਅਤੇ ਵਿਅੰਗਾਤਮਕ ਟਕੋਰਾਂ ਰਾਹੀਂ ਮਾਣਮੱਤੇ ਪੰਜਾਬੀ ਵਜੋਂ ਨਿਵੇਕਲੀ ਸ਼ੈਲੀ ਵਾਲੀ ਪਛਾਣ ਬਣਾਈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਜਸਵਿੰਦਰ ਭੱਲਾ ਸਰੀਰਕ ਤੌਰ ਤੇ 'ਹੈ ਤੋਂ ਸੀ' ਹੋ ਗਏ ਹਨ ਤਾਂ ਉਸ ਵੇਲੇ ਉਨ੍ਹਾਂ ਦਾ ਰਚਨਾਤਮਕ ਕਾਰਜ ਹਮੇਸ਼ਾਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਦਾ ਕੰਮ ਕਰੇਗਾ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸਮੇਤ ਪੁਸ਼ਪ ਮਾਲਾ ਅਰਪਿਤ ਕਰਦਿਆਂ ਕਿਹਾ ਕਿ ਸਵਰਗੀ ਜਸਵਿੰਦਰ ਭੱਲਾ ਵੱਲੋਂ ਬਤੌਰ ਕਮੇਡੀਅਨ ਸਥਾਪਿਤ ਕੀਤੀ ਪਛਾਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਇੱਕੋ ਸਮੇਂ ਖੇਤੀਬਾੜੀ ਵਰਸਿਟੀ ਦੇ ਅਧਿਆਪਕ, ਕਮੇਡੀਅਨ ਅਤੇ ਅਦਾਕਾਰ ਰਹੇ। ਅੱਜ ਉਨ੍ਹਾਂ ਦਾ ਅਚਾਨਕ ਵਿਛੋੜਾ ਦੇ ਜਾਣਾ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਸਭਿਆਚਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਇਸ ਮੌਕੇ ਯੂ ਕੇ ਤੋਂ ਐਮ ਪੀ ਤਨਮਨਜੀਤ ਸਿੰਘ ਢੇਸੀ, ਐਮ ਐਲ ਏ ਕੁਲਵੰਤ ਸਿੰਘ, ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਅਤੇ ਜਸਵਿੰਦਰ ਭੱਲਾ ਦੇ ਪੁਰਾਣੇ ਸਾਥੀ ਬਾਲ ਮੁਕੰਦ ਸ਼ਰਮਾ, ਡੀ ਆਈ ਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ, ਨਾਮੀਂ ਗਾਇਕ ਕਲਾਕਾਰਾਂ ਤੇ ਅਦਾਕਾਰਾਂ ਵਿੱਚ ਮੁਹੰਮਦ ਸਦੀਕ, ਹੰਸ ਰਾਜ ਹੰਸ, ਗਿੱਪੀ ਗਰੇਵਾਲ, ਜਸਬੀਰ ਜੱਸੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਮਰ ਨੂਰੀ, ਮਲਕੀਤ ਸਿੰਘ ਰੌਣੀ, ਬੀ ਐਨ ਸ਼ਰਮਾ ਆਦਿ ਮੌਜੂਦ ਸਨ।
Powered by Froala Editor
Comedian-Jaswinder-Bhalla-No-More-Last-Rites-Held-In-Mohali