ਸੰਗਰੂਰ,23 ਨਵੰਬਰ (ਜਗਸੀਰ ਲੌਂਗੋਵਾਲ ) -
ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.)ਸੰਗਰੂਰ ਦੇ ਪੰਜ ਜ਼ਿਲ੍ਹਾ ਆਗੂਆਂ ਦੇ ਖਿਲਾਫ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਡੀ.ਈ.ਓ. ਦੁਆਰਾ ਕਰਵਾਈ ਗਈ ਐੱਫ.ਆਈ.ਆਰ. ਅਤੇ ਉਸ ਦੇ ਅਧਾਰ 'ਤੇ ਕੀਤੀਆਂ ਗਈਆਂ ਇਹਨਾਂ ਪੰਜਾਂ ਆਗੂਆਂ ਦੀਆਂ ਦੂਰ ਦੁਰਾਡੇ ਬਦਲੀਆਂ ਦੇ ਵਿਰੁੱਧ ਪੰਜਾਬ ਭਰ 'ਚ ਅਧਿਆਪਕ ਅਤੇ ਜਨਤਕ ਜਥੇਬੰਦੀਆਂ ਅਤੇ ਆਮ ਲੋਕਾਂ ਦੁਆਰਾ ਕੀਤੇ ਗਏ ਸੰਘਰਸ਼ ਦੀ ਤਾਬ ਨਾ ਝੱਲਦਿਆਂ ਪੰਜਾਬ ਸਰਕਾਰ ਨੇ ਮੰਗਲਵਾਰ ਸ਼ਾਮ ਨੂੰ ਉਕਤ ਪੰਜਾਂ ਵਿੱਚੋਂ ਚਾਰ ਅਧਿਆਪਕ ਆਗੂਆਂ ਬਲਬੀਰ ਚੰਦ ਲੌਂਗੋਵਾਲ, ਦਾਤਾ ਸਿੰਘ,ਪਰਵਿੰਦਰ ਸਿੰਘ ਅਤੇ ਯਾਦਵਿੰਦਰ ਪਾਲ ਸਿੰਘ ਦੇ ਬਦਲੀ ਦੇ ਆਰਡਰ ਰੱਦ ਕਰ ਦਿੱਤੇ ਹਨ। ਡੀ.ਪੀ.ਆਈ. ਸੈਕੰਡਰੀ ਸਿੱਖਿਆ ਦੁਆਰਾ ਜਾਰੀ ਕੀਤੇ ਇਹਨਾਂ ਹੁਕਮਾਂ ਵਿੱਚ ਲਿਖਿਆ ਹੈ ਕਿ ਇਹਨਾਂ ਚਾਰਾਂ ਅਧਿਆਪਕਾਂ ਦੇ ਹੁਕਮ ਤਤਕਾਲ ਸਮੇਂ ਤੋਂ ਪੈਂਡਿੰਗ ਪੜਤਾਲ ਰੱਦ ਕੀਤੇ ਜਾਂਦੇ ਹਨ। ਇਹ ਚਾਰੇ ਅਧਿਆਪਕ ਆਗੂ ਸੈਕੰਡਰੀ ਸਿੱਖਿਆ ਕਾਡਰ ਨਾਲ ਸਬੰਧ ਰੱਖਦੇ ਹਨ। ਇੱਕ ਅਧਿਆਪਕ ਆਗੂ ਗੁਰਪ੍ਰੀਤ ਸਿੰਘ ਪ੍ਰਾਇਮਰੀ ਸਿੱਖਿਆ ਕਾਡਰ ਨਾਲ ਸਬੰਧ ਰੱਖਦਾ ਹੈ।ਉਸ ਦੇ ਹੁਕਮ ਡੀ.ਪੀ.ਆਈ. ਪੰਜਾਬ ਐਲੀਮੈਂਟਰੀ ਸਿੱਖਿਆ ਦੁਆਰਾ ਜਾਰੀ ਹੋਣੇ ਹਾਲੇ ਬਾਕੀ ਹਨ। ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅਧਿਆਪਕ ਦੀ ਬਦਲੀ ਰੱਦ ਹੋਣ ਦੇ ਹੁਕਮ ਵੀ ਅੱਜ ਸ਼ਾਮ ਤੱਕ ਆਉਣ ਦੀ ਪੂਰੀ ਉਮੀਦ ਹੈ। ਯਾਦ ਰਹੇ ਕਿ ਉਕਤ ਐੱਫ.ਆਈ.ਆਰ. ਡੀ.ਟੀ.ਐੱਫ. ਦੁਆਰਾ ਵਿੱਦਿਅਕ ਟੂਰਾਂ ਦੀ ਪ੍ਰਵਾਨਗੀ ਦੇ ਮੁੱਦੇ 'ਤੇ ਕੀਤੇ ਗਏ ਜਥੇਬੰਦਕ ਐਕਸ਼ਨ ਦੇ ਸਬੰਧ ਵਿੱਚ ਦਰਜ ਕਰਵਾਈ ਗਈ ਸੀ। ਇਹਨਾਂ ਬਦਲੀਆਂ ਦੇ ਰੱਦ ਹੋਣ ਨਾਲ ਸੰਘਰਸ਼ ਕਰਨ ਵਾਲੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਡੀ.ਟੀ.ਐੱਫ. ਸੰਗਰੂਰ ਦੇ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ। ਇਹ ਐੱਫ. ਆਈ.ਆਰ. ਅਤੇ ਬਦਲੀਆਂ ਲੋਕਾਂ ਲਈ ਲੜਨ ਕਾਰਣ ਅਫ਼ਸਰਸ਼ਾਹੀ ਦੁਆਰਾ ਕਰਵਾਈਆਂ ਗਈਆਂ ਸਨ ਤੇ ਹੁਣ ਲੋਕਾਂ ਦੁਆਰਾ ਆਪਣੇ ਸੰਘਰਸ਼ ਦੇ ਜੋਰ 'ਤੇ ਬਦਲੀਆਂ ਰੱਦ ਵੀ ਕਰਵਾ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਅਸਲੀ ਤਾਕਤ ਲੋਕਾਂ ਵਿੱਚ ਹੁੰਦੀ ਹੈ ਤੇ ਇਸ ਤਾਕਤ ਅੱਗੇ ਕੋਈ ਅਫ਼ਸਰ ਤੇ ਕੋਈ ਸਰਕਾਰ ਨਹੀਂ ਟਿਕ ਸਕਦੀ। ਉਹਨਾਂ ਕਿਹਾ ਕਿ ਇਹ ਇਸ ਸੰਘਰਸ਼ ਦੀ ਅੰਸ਼ਕ ਜਿੱਥੇ ਤੇ ਉਹਨਾਂ ਦੀ ਜਥੇਬੰਦੀ ਉਕਤ ਝੂਠੀ ਐੱਫ. ਆਈ.ਆਰ. ਦੇ ਰੱਦ ਹੋਣ ਤੱਕ ਲੜਦੀ ਰਹੇਗੀ ਤੇ ਉਹਨਾਂ ਨੂੰ ਇਸ ਵਿਚ ਜਨਤਕ ਜਥੇਬੰਦੀਆਂ ਤੇ ਆਮ ਲੋਕਾਂ ਦਾ ਸਾਥ ਮਿਲਣ ਦੀ ਪੂਰੀ ਉਮੀਦ ਹੈ। ਓਹਨਾਂ ਕਿਹਾ ਕਿ ਡੀ.ਟੀ.ਐੱਫ. ਪਹਿਲਾਂ ਦੀ ਤਰ੍ਹਾਂ ਵਿਦਿਆਰਥੀਆਂ,ਅਧਿਆਪਕਾਂ,ਜਨਤਕ ਸਿੱਖਿਆ ਤੇ ਆਮ ਲੋਕਾਂ ਲਈ ਲੜਦੀ ਰਹੇਗੀ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)