ਡੀ.ਸੀ ਨੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਅਤੇ ਅਧਿਕਾਰੀਆਂ ਨੂੰ ਅਨੁਮਾਨ ਬਜਟ ਜਮ੍ਹਾਂ ਕਰਨ ਲਈ ਕਿਹਾ
ਲੁਧਿਆਣਾ ਜ਼ਿਲ੍ਹੇ ਦੇ ਤਿੰਨ ਸਕੂਲ ਆਫ਼ ਐਮੀਨੈਂਸ (ਐਸ.ਓ.ਈ), ਪੀ.ਏ.ਯੂ, ਭਾਰਤ ਨਗਰ, ਅਤੇ ਜੀ.ਐਸ.ਐਸ.ਐਸ ਸ੍ਰੀ ਹਰਗੋਬਿੰਦਪੁਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਵਿੰਗਜ਼ ਆਫ਼ ਵਿਜ਼ਡਮ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਸੀ.ਈ.ਓ ਅਨੁਜਾ ਨਾਇਕ ਦੀ ਅਗਵਾਈ ਵਾਲੇ ਵਫ਼ਦ ਨੇ ਬਾਲ ਸਭਾ ਪ੍ਰੋਗਰਾਮ ਅਤੇ ਇਸ ਦੇ ਲਾਭਾਂ ਬਾਰੇ ਆਪਣੀ ਜਾਣਕਾਰੀ ਪੇਸ਼ ਕੀਤੀ।
ਮੀਟਿੰਗ ਦੌਰਾਨ ਹਰੇਕ ਸਕੂਲ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਾ ਨਿੱਘਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣ ਦਾ ਮੌਕਾ ਦੇਣ ਲਈ ਧੰਨਵਾਦ ਪਰਗਟ ਕੀਤਾ। ਉਨ੍ਹਾਂ ਦੀਆਂ ਬੇਨਤੀਆਂ ਸੁਣਨ ਤੋਂ ਬਾਅਦ, ਡੀ.ਸੀ ਨੇ ਐਸ.ਓ.ਈ, ਪੀ.ਏ.ਯੂ ਵਿਖੇ ਇੱਕ ਖਰਾਬ ਕਮਰੇ ਦੀ ਮੁੜ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਅਤੇ ਅਧਿਆਪਕਾਂ ਨੂੰ ਬਜਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਐਸ.ਓ.ਈ, ਭਾਰਤ ਨਗਰ ਦੀ ਬੇਨਤੀ ਦੇ ਜਵਾਬ ਵਿੱਚ, ਉਹਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਇੱਕ ਰਿਵਰਸ ਓਸਮੋਸਿਸ (ਆਰ.ਓ) ਸਿਸਟਮ ਸਥਾਪਤ ਕਰਨ ਦੇ ਵੀ ਆਦੇਸ਼ ਦਿੱਤੇ। ਜੀ.ਐਸ.ਐਸ.ਐਸ ਦੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹਰਗੋਬਿੰਦਪੁਰ ਵਿਖੇ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧ ਸਬੰਧੀ ਖਾਦ ਪਿਟਸ ਬਣਾਉਣ ਦਾ ਫੈਸਲਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਬੰਧਤ ਸਕੂਲਾਂ ਵੱਲੋਂ ਰੱਖੇ ਪ੍ਰਕਿਰਿਆ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ। ਉਹਨਾਂ ਨੇ ਬਾਲ ਸੰਸਦ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਦੇ ਯਤਨਾਂ ਨੂੰ ਸਵੀਕਾਰ ਕਰਦੇ ਹੋਏ ਜੀ.ਐਸ.ਐਸ.ਐਸ, ਹਰਗੋਬਿੰਦਪੁਰ ਵਿਖੇ ਅਨੀਮੀਆ ਦੇ ਪੱਧਰ 'ਤੇ ਅਧਿਐਨ ਕਰਨ ਦਾ ਸੁਝਾਅ ਦਿੱਤਾ।
ਇਸ ਤੋਂ ਇਲਾਵਾ, ਉਨ੍ਹਾਂ ਐਲਾਨ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਰਕਾਰੀ ਸਕੂਲ ਵਿੱਚ "ਬੁੱਕ ਕਲੱਬ" ਲਾਗੂ ਕਰੇਗਾ ਅਤੇ ਬਾਲ ਸਭਾ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੁਨਿਆਦੀ ਦਵਾਈਆਂ ਦੀ ਉਪਲਬਧਤਾ ਦਾ ਮੁੱਲਾਂਕਣ ਕਰਨ ਅਤੇ ਉਨ੍ਹਾਂ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਸਾਰੇ ਸਕੂਲਾਂ ਦਾ ਸਰਵੇਖਣ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ, ਉਹਨਾਂ ਨੇ ਹਰੇਕ ਸਕੂਲ ਵਿੱਚ ਮਹੀਨਾਵਾਰੀ ਸਫਾਈ ਡਿਸਪੈਂਸਰਾਂ ਦੇ ਕੰਮਕਾਜ ਦੇ ਮੁੱਲਾਂਕਣ ਦੀ ਲੋੜ 'ਤੇ ਜ਼ੋਰ ਦਿੱਤਾ।