ਰੇਜ ਐਂਟੀ ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੁਹਾਲੀ ਦੀ ਟੀਮ ਵਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸਤੋਂ 50 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਵਲੋਂ ਡੀ. ਆਈ. ਜੀ ਰੂਪਨਗਰ ਰੇਂਜ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਦੀਆਂ ਹਿਦਾਇਤਾਂ ਤੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਇਸ ਵਿਅਕਤੀ ਨੂੰ ਜੀਰਕਪੁਰ ਤੋਂ ਕਾਬੂ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੁਹਾਲੀ ਦੇ ਇੰਚਾਰਜ ਸੁਖਵਿੰਦਰ ਸਿੰਘ ਐਸ. ਆਈ. ਦੀ ਅਗਵਾਈ ਹੇਠ ਪੁਲੀਸ ਪਾਰਟੀ ਸ਼ਿਵਾ ਇਨਕਲੇਵ, ਭਬਾਤ ਰੋਡ ਜੀਰਕਪੁਰ ਨੇੜੇ ਮੌਜੂਦ ਸੀ ਜਦੋਂ ਐਸ.ਆਈ ਸੁਖਵਿੰਦਰ ਸਿੰਘ ਨੂੰ ਮੁਖਬਰ ਦੀ ਇਤਲਾਹ ਮਿਲੀ ਕਿ ਪ੍ਰਿਥਵੀ ਸਿੰਘ ਉਰਫ ਪ੍ਰੀਤ ਵਾਸੀ ਭਾਗਾ ਸੈਲਾ, ਵਾਸੀ ਜੰਮੂ ਕਸ਼ਮੀਰ (ਹਾਲ ਵਾਸੀ ਸ਼ੀਤਲ ਕੰਪਲੈਕਸ, ਏਕਤਾ ਕਲੋਨੀ ਬਲੌਗੀ, ਮੁਹਾਲੀ) ਆਪਣੇ ਪੱਕੇ ਗ੍ਰਾਹਕਾਂ ਨੂੰ ਹੈਰੋਇਨ ਵੇਚਣ ਲਈ ਆ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਤੇ ਪੁਲੀਸ ਵਲੋਂ ਪ੍ਰਿਥਵੀ ਸਿੰਘ ਉਰਫ ਪ੍ਰੀਤ ਦੇ ਖਿਲਾਫ ਥਾਣਾ ਜੀਰਕਪੁਰ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 21/61/85 ਤਹਿਤ ਮੁਕੱਦਮਾ ਦਰਜ ਕਰਵਾ ਕੇ ਪ੍ਰਿਥਵੀ ਸਿੰਘ ਉਰਫ ਪ੍ਰੀਤ ਨੂੰ ਸ਼ਿਵਾ ਇਨਕਲੇਵ, ਭਬਾਤ ਰੋਡ ਜੀਰਕਪੁਰ ਤੋ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸਤੋਂ ਹੈਰੋਇਨ ਦੇ ਧੰਦੇ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ਾ ਕਿਥੋਂ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਵੇਚਦੇ ਹਨ।