ਨੋਇਡਾ ’ਚ ਫਰਜ਼ੀ ਕਾਲ ਸੈਂਟਰ ਚਲਾ ਕੇ ਨੌਕਰੀ ਦੇ ਜਾਅਲੀ ਪੱਤਰ ਦੇ ਕੇ ਮਾਰਦੇ ਸੀ ਠੱਗੀ
ਚੰਡੀਗੜ੍ਹ, 18 ਅਪ੍ਰੈਲ(ਗੁਰਵਿੰਦਰ ਸਿੰਘ)
ਚੰਡੀਗੜ੍ਹ ਸਾਈਬਰ ਸੈੱਲ ਨੇ ਨੋਇਡਾ 'ਚ ਫਰਜ਼ੀ ਕਾਲ ਸੈਂਟਰ ਚਲਾ ਰਹੇ ਇਕ ਲੜਕੀ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਲੋਕਾਂ ਨੂੰ ਜਾਅਲੀ ਨਿਯੁਕਤੀ ਪੱਤਰ ਦੇ ਕੇ ਠੱਗੀ ਮਾਰਦੇ ਸਨ। ਤਿੰਨਾਂ ਮੁਲਜ਼ਮਾਂ ਦੀ ਪਛਾਣ ਸ਼ੈਲੇਸ਼ ਕੁਮਾਰ ਸਿੰਘ ਵਾਸੀ ਫਰੀਦਾਬਾਦ, ਹਰਿਆਣਾ, ਆਰਤੀ ਮਹਿਰਾ ਵਾਸੀ ਗਾਜ਼ੀਆਬਾਦ, ਯੂਪੀ ਅਤੇ ਅਵਿਨਾਸ਼ ਵਾਸੀ ਨੋਇਡਾ ਵਜੋਂ ਹੋਈ ਹੈ। ਐਸ ਪੀ ਕੇਤਨ ਬਾਸਲ ਨੇ ਦੱਸਿਆ ਕਿ ਚੰਡੀਗੜ੍ਹ ਵਾਸੀ ਬਲਜੀਤ ਕੌਰ ਨੇ ਸਾਈਬਰ ਸੈੱਲ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਜਾਂਚ ਦੌਰਾਨ ਦੋਸ਼ੀ ਦੀ ਲੋਕੇਸ਼ਨ ਨੋਇਡਾ ਟਰੇਸ ਕੀਤੀ ਗਈ। ਜਿਸ ਤੋਂ ਬਾਅਦ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ 'ਚ ਟੀਮ ਦੋਸ਼ੀਆਂ ਨੂੰ ਫੜਨ ਲਈ ਨੋਇਡਾ ਲਈ ਰਵਾਨਾ ਹੋਈ ਅਤੇ ਦੋਸ਼ੀਆਂ ਦੀ ਭਾਲ 'ਚ ਪੁਲਿਸ ਨੇ ਨੋਇਡਾ 'ਚ ਛਾਪਾ ਮਾਰ ਕੇ ਇਕ ਲੜਕੀ ਸਮੇਤ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 420, 467, 468, 471, 120ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 9 ਮੋਬਾਈਲ ਫ਼ੋਨ, 3 ਲੈਪਟਾਪ ਅਤੇ ਇੱਕ ਸਿਮ ਕਾਰਡ ਬਰਾਮਦ ਕੀਤਾ ਹੈ। ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿਚ ਬਲਜੀਤ ਕੌਰ ਨੇ ਦੱਸਿਆ ਸੀ ਕਿ ਉਹ ਆਪਣੀ ਸਹੇਲੀ ਜਸਪ੍ਰੀਤ ਕੌਰ ਨਾਲ ਬੈਠ ਕੇ ਨੌਕਰੀ ਲਈ ਆਪਣਾ ਬਾਇਓਡਾਟਾ ਜੌਬ ਪੋਰਟਲ 'ਤੇ ਅਪਲੋਡ ਕੀਤਾ। ਜਿਸ ਤੋਂ ਬਾਅਦ ਉਸਦੇ ਮੋਬਾਈਲ ਨੰਬਰ 'ਤੇ ਕਾਲ ਆਈ ਅਤੇ ਕਿਹਾ ਕਿ ਉਹ ਬੈਂਕ ’ਚ ਨੌਕਰੀ ਦਿੰਦੇ ਹਨ। ਇਸ ਤੋਂ ਬਾਅਦ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕਾਲ ਆਈ ਅਤੇ ਐਚਡੀਐਫਸੀ ਬੈਂਕ ਵਿਚ ਇੰਟਰਵਿਊ ਲਈ ਕਿਹਾ ਗਿਆ। ਥੋੜ੍ਹੇ ਸਮੇਂ ਦੇ ਅੰਦਰ ਹੀ, ਬੈਂਕ ਦਸਤਾਵੇਜ਼ ਉਸ ਦੀ ਈਮੇਲ 'ਤੇ ਭੇਜੇ ਗਏ ਸਨ, ਜਿਸ ’ਚ ਉਸ ਨੂੰ ਪਹਿਲਾਂ 62,835 ਰੁਪਏ ਜਮ੍ਹਾ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਵੀ ਠੱਗ ਨੇ ਉਸ ਤੋਂ ਕਈ ਵਾਰ ਪੈਸੇ ਜਮ੍ਹਾ ਕਰਵਾਏ ਪਰ ਬਾਅਦ ਵਿਚ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਸ਼ੈਲੇਸ਼ ਹੈ, ਜੋ ਲੋਕਾਂ ਨੂੰ ਬੁਲਾ ਕੇ ਨੌਕਰੀ ਦਾ ਲਾਲਚ ਦੇ ਕੇ ਪੈਸੇ ਦੀ ਠੱਗੀ ਮਾਰਦਾ ਸੀ। ਫੜੇ ਗਏ ਮੁਲਜ਼ਮ ਨੋਇਡਾ ’ਚ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਮੁਲਜ਼ਮ ਨੇ ਜੌਬ ਪੋਰਟਲ ਤੋਂ ਨੌਕਰੀਆਂ ਲਈ ਅਪਲਾਈ ਕਰਨ ਵਾਲੇ ਸਾਰੇ ਲੋਕਾਂ ਦਾ ਡਾਟਾ ਹਾਸਲ ਕੀਤਾ ਸੀ। ਮੁਲਜ਼ਮ ਆਪਣੇ ਪੀਐਨਬੀ ਅਤੇ ਕੋਟਕ ਮਹਿੰਦਰਾ ਬੈਂਕ ਖਾਤਿਆਂ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਲੋਕਾਂ ਨੂੰ ਦਿਵਾਉਂਦਾ ਸੀ।