ਮੋਹਾਲੀ, 14 ਅਪ੍ਰੈਲ (ਗੁਰਵਿੰਦਰ ਸਿੰਘ) ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਦੀ ਅਲਟੋ ਕਾਰ ਵਿੱਚੋਂ ਦੋ ਕਿਲੋਗ੍ਰਾਮ ਅਫੀਮ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਮਿਤੀ 13-04-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇ ਇਲੈਕਸ਼ਨਾਂ ਦੇ ਸਬੰਧ ਵਿੱਚ ਨੇੜੇ ਵੇਰਕਾ ਚੌਂਕ ਫੇਜ਼-1 ਮੋਹਾਲ਼ੀ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਾਕਾਬੰਦੀ ਦੌਰਾਨ ਇੱਕ ਕਾਰ ਮਾਰਕਾ ਅਲਟੋ ਰੰਗ ਲਾਲ, ਜਿਸ ਵਿੱਚ ਦੋ ਮੋਨੇ ਨੌਜਵਾਨ ਸਵਾਰ ਸਨ, ਦਾਰਾ ਸਟੂਡੀਓ ਚੌਂਕ ਤੋਂ ਵੇਰਕਾਂ ਚੌਂਕ ਵੱਲ ਆ ਰਹੀ ਸੀ। ਕਾਰ ਨੂੰ ਐਸ.ਆਈ. ਬਲਜਿੰਦਰ ਕੌਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਰੁਕਣ ਦਾ ਇਸ਼ਾਰਾ ਦੇ ਕੇ, ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਦੇ ਡੈਸ਼ਬੋਰਡ ਵਿੱਚੋਂ ਦੋ ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸਤੇ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰ: 51 ਮਿਤੀ 13-04-2024 ਅ/ਧ 18-61-85 ਐਨ.ਡੀ.ਪੀ. ਐਸ.ਐਕਟ ਥਾਣਾ ਫੇਜ਼-1, ਜ਼ਿਲ੍ਹਾ ਐਸ.ਏ.ਐਸ. ਨਗਰ ਦਰਜ ਰਜਿਸਟਰ ਕੀਤਾ ਗਿਆ। ਉਹਨਾਂ ਦਸਿਆ ਕਿ ਮੁਲਜਮਾਂ ਦੀ ਪਹਿਚਾਣ ਇਸਲਾਮ ਅਲੀ ਵਾਸੀ ਪਿੰਡ ਸ਼ਾਹਬਾਦ ਥਾਣਾ ਸ਼ਾਹਬਾਦ ਜ਼ਿਲ੍ਹਾ ਰਾਮਪੁਰ ਯੂ.ਪੀ. ਅਤੇ
ਮੁਲਜਮ ਵਾਸੀ ਪਿੰਡ ਰਮਪੁਰਾ, ਥਾਣਾ ਸ਼ਾਹਬਾਦ ਜਿਲਾ ਰਾਮਪੁਰ, ਯੂ.ਪੀ ਵਜੋਂ ਹੋਈ ਹੈ। ਦੋਵੇਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਦੋਸ਼ੀਆਂਨ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿਸ ਪਾਸੋਂ ਲੈਕੇ ਆਏ ਸੀ ਅਤੇ ਕਿਸਨੂੰ ਸਪਲਾਈ ਕਰਨੀ ਸੀ।