ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਖ਼ਤ ਕਾਰਵਾਈ • ਐੱਸਐੱਸਪੀ ਡਾ. ਅੰਕੁਰ ਗੁਪਤਾ ਦੇ ਹੁਕਮਾਂ ’ਤੇ ਨਾਕਾਬੰਦੀ ਤੇਜ਼

ਜਗਰਾਉਂ, 04 ਅਪ੍ਰੈਲ (ਦਵਿੰਦਰ ਜੈਨ, ਫੋਟੋਗ੍ਰਾਫ: ਅਸ਼ਵਨੀ ਸ਼ਰਮਾ)
ਜਗਰਾਉਂ ਵਿੱਚ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਅਤੇ ਨਸ਼ਾ ਤਸਕਰਾਂ ਤੇ ਲੁਟੇਰਿਆਂ ’ਤੇ ਨਕੇਲ ਕਸਣ ਲਈ ਪੁਲਿਸ ਵੱਲੋਂ ਨਾਈਟ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ। ਇਸ ਤਹਿਤ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਮੁਹਿੰਮ ਐੱਸਐੱਸਪੀ ਡਾ. ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ, ਜਿਸ ਵਿੱਚ ਪੁਲਿਸ ਪੂਰੀ ਤਰ੍ਹਾਂ ਮੁਸਤੈਦੀ ਨਾਲ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਵਿੱਚ ਜੁਟੀ ਹੋਈ ਹੈ।
ਐੱਸਐਚਓ ਸਿਟੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਝਾਂਸੀ ਰਾਣੀ ਚੌਕ ਸਮੇਤ ਸ਼ਹਿਰ ਦੇ ਕਈ ਸਥਾਨਾਂ ’ਤੇ ਨਾਕੇ ਲਗਾਏ ਗਏ। ਇਸ ਦੌਰਾਨ ਲਗਭਗ ਇੱਕ ਦਰਜਨ ਦੇ ਕਰੀਬ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਚਲਾਨ ਕੱਟੇ ਗਏ। ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਵੀ ਰੋਕ ਕੇ ਜਾਂਚ ਕੀਤੀ ਗਈ ਅਤੇ ਸਾਰੇ ਵਾਹਨਾਂ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ।
ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਅਤੇ ਚੋਰੀਆਂ ਨੂੰ ਰੋਕਣ ਲਈ ਐੱਸਐੱਸਪੀ ਅਤੇ ਡੀਐਸਪੀ ਦੇ ਹੁਕਮਾਂ ਅਨੁਸਾਰ ਇਹ ਨਾਕਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦਿੱਤੇ ਜਾਣ ਅਤੇ ਬਿਨਾਂ ਲਾਈਸੈਂਸ ਦੇ ਵਾਹਨ ਚਲਾਉਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪੁਲਿਸ ਟੀਮ ਵੱਲੋਂ ਝਾਂਸੀ ਰਾਣੀ ਚੌਕ ਅਤੇ ਪੁਲ ਦੇ ਨੇੜੇ ਆਉਣ-ਜਾਣ ਵਾਲਿਆਂ ’ਤੇ ਖਾਸ ਨਿਗਰਾਨੀ ਰੱਖੀ ਗਈ। ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਅਜਿਹੀਆਂ ਮੁਹਿੰਮਾਂ ਆਗੇ ਵੀ ਜਾਰੀ ਰਹਿਣਗੀਆਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।