ਜਿਲ੍ਹਾ ਮੁਹਾਲੀ ਦੀ ਪੁਲੀਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਗੈਂਗ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਟੀਮ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ (ਇੱਕ .32 ਕੈਲੀਬਰ ਅਤੇ ਇੱਕ 315 ਕੈਲੀਬਰ) ਸਮੇਤ 9 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਅਤੇ ਇੱਕ ਮਹਿੰਦਰਾ ਬੋਲੈਰੋ ਨੂੰ ਵੀ ਜ਼ਬਤ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਤੀਸ਼ ਕੁਮਾਰ ਉਰਫ਼ ਨਿੱਕੂ ਰਾਣਾ ਵਾਸੀ ਲਾਲੜੂ ਅਤੇ ਗੁਰਕੀਰਤ ਸਿੰਘ ਬੇਦੀ ਵਾਸੀ ਡੇਰਾਬੱਸੀ ਵਜੋਂ ਹੋਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਡੇਰਾਬਸੀ ਵਿਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਜਿਲ੍ਹਾ ਐਸ ਏ ਐਸ ਨਗਰ ਦੇ ਐਸ ਐਸ ਪੀ ਦੀਪਕ ਪਾਰਿਕ ਦੇ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਬੀਤੀ 19 ਸਤੰਬਰ ਨੂੰ ਡੇਰਾਬੱਸੀ ਵਿਖੇ ਇੱਕ ਇਮੀਗ੍ਰੇਸ਼ਨ ਦਫਤਰ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸਨ ਅਤੇ ਪੁਲੀਸ ਵੱਲੋਂ ਅਪਰਾਧ ਦੇ 24 ਘੰਟਿਆਂ ਦੇ ਅੰਦਰ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਨਿੱਕੂ ਰਾਣਾ ਆਪਣੇ ਵਿਦੇਸ਼ੀ ਹੈਂਡਲਰ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਨਾਲ ਸੰਪਰਕ ਵਿੱਚ ਸੀ ਅਤੇ ਉਸ ਨੇ ਆਪਣੇ ਇੱਕ ਹੋਰ ਸਾਥੀ ਮਨਜੀਤ ਉਰਫ਼ ਗੁਰੀ ਨਾਲ ਮਿਲ ਕੇ ਆਪਣੇ ਸਾਥੀਆਂ ਰਾਹੀਂ ਗੋਲੀਬਾਰੀ ਦੀ ਸਾਰੀ ਘਟਨਾ ਦੀ ਯੋਜਨਾ ਬਣਾਈ ਸੀ। ਬਾਅਦ ਵਿੱਚ ਨਿੱਕੂ ਅਤੇ ਗੁਰਕੀਰਤ ਨੇ ਦਿੱਲੀ ਤੋਂ ਹਥਿਆਰ ਇਕੱਠੇ ਕੀਤੇ ਜੋ ਮਨਜੀਤ ਉਰਫ਼ ਗੁਰੀ ਅਤੇ ਗੈਂਗਸਟਰ ਸਚਿਨ ਬੰਜਾ (ਦੋਵੇਂ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ) ਵੱਲੋਂ ਮੁਹੱਈਆ ਕਰਵਾਏ ਗਏ ਸਨ।
ਉਹਨਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦਾ ਸਰਗਰਮ ਮੈਂਬਰ ਨਿੱਕੂ ਰਾਣਾ ਪਿਛਲੇ ਸਮੇਂ ਵਿੱਚ ਕਈ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਉਸਨੂੰ ਫਰਵਰੀ 2023 ਵਿੱਚ, ਵਿਦੇਸ਼ ਅਧਾਰਤ ਹੈਂਡਲਰ ਗੋਲਡੀ ਬਰਾੜ ਦੇ ਨਿਰਦੇਸ਼ਾਂ ਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਇੱਕ ਵਿਰੋਧੀ ਨੂੰ ਖਤਮ ਕਰਨ ਦੀ ਯੋਜਨਾ ਬਣਾਉਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਨਵੰਬਰ 2023 ਵਿੱਚ, ਉਹ ਗੋਲਡੀ ਬਰਾੜ ਗੈਂਗ ਦੁਆਰਾ ਜ਼ੀਰਕਪੁਰ ਸਥਿਤ ਇੱਕ ਵਪਾਰੀ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਲਈ ਮਨਜੀਤ ਉਰਫ਼ ਗੁਰੀ ਨੂੰ ਹਥਿਆਰਬੰਦ ਸਹਾਇਤਾ ਪ੍ਰਦਾਨ ਕਰਨ ਵਿੱਚ ਫਿਰ ਸ਼ਾਮਲ ਸੀ। ਉਹਨਾਂ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਰਕੀਰਤ ਸਿੰਘ ਇਮੀਗ੍ਰੇਸ਼ਨ ਦਫ਼ਤਰ ਵਿੱਚ ਗੋਲੀਬਾਰੀ ਲਈ ਬੈਕਅੱਪ ਸ਼ੂਟਰ ਵਜੋਂ ਤਿਆਰ ਸੀ।