ਪੰਜਾਬ ਰਾਜ ਭਰ ਦੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਕਰਮਚਾਰੀਆਂ ਦਾ ਬੈਂਕ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਛੇਵਾਂ ਪੇ ਕਮਿਸ਼ਨ ਲਾਗੂ ਨਾ ਕਰਨ, ਮੁਲਾਜ਼ਮਾਂ ਦੀਆਂ ਤਰੱਕੀਆਂ ਨਾ ਕਰਨ ਅਤੇ ਬੈਂਕ ਦੇ ਕਰਜਾ ਵੰਡ ਪ੍ਰੋਗਰਾਮ ਜਾਰੀ ਨਾ ਕਰਨ ਸਬੰਧੀ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਨੂੰ ਦੇਖਦਿਆਂ ਰੋਸ ਵਜੋਂ ਲੈਂਡ ਮਾਰਗੇਜ਼ ਬੈਂਕ ਕਰਮਚਾਰੀ ਯੂਨੀਅਨ, ਪੰਜਾਬ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਜਸਵੀਰ ਸਿੰਘ ਗਿੱਲ, ਜਨਰਲ ਸਕੱਤਰ ਧਰਮਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਸ਼੍ਰੀਮਤੀ ਮਨਦੀਪ ਕੌਰ ਅਤੇ ਵਿੱਤ ਸਕੱਤਰ ਵਿਸ਼ਵਦੀਪ ਸਿੰਘ ਬਰਾੜ ਨੇ ਸਾਂਝੇ ਤੌਰ ਤੇ ਦੱਸਿਆ ਕਿ 15 ਅਪਰੈਲ ਤੋਂ ਉਪਰੋਕਤ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਇਹ ਮੰਗਾਂ ਦੇ ਪੂਰਾ ਹੋਣ ਤੱਕ ਜਾਰੀ ਰਹੇਗੀ |
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੇਵਾਂ ਪੇ ਕਮਿਸ਼ਨ ਆਪਣੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਉਪਰ 01.07.2021 ਤੋਂ ਲਾਗੂ ਕੀਤਾ ਹੋਇਆ ਹੈ, ਪਰ ਉਸ ਸਮੇਂ ਤੋਂ ਹੀ ਇਸ ਬੈਂਕ ਦੇ ਕਰਮਚਾਰੀਆਂ ਨੂੰ ਅਣਗੌਲਿਆਂ ਕੀਤਾ ਗਿਆ ਹੈ, ਜਿਸ ਸਬੰਧੀ ਯੂਨੀਅਨ ਵੱਲੋਂ ਮੌਜੂਦਾ ਸਰਕਾਰੀ ਧਿਰ (ਆਪ) ਦੇ ਲੋਕ ਸਭਾ ਦੇ ਉਮੀਦਵਾਰਾਂ ਰਾਹੀਂ ਵੀ ਉਨ੍ਹਾਂ ਦੇ ਹਲਕਿਆਂ ਵਿੱਚ ਜਾ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਅਤੇ ਯੂਨੀਅਨ ਦੇ ਹੜਤਾਲ ਪ੍ਰੋਗਰਾਮ ਸਬੰਧੀ ਸਮੇਂ ਸਮੇਂ ਜਾਣਕਾਰੀ ਵੀ ਦਿੱਤੀ ਗਈ,ਪਰ ਪਤਾ ਨਹੀਂ ਕਿਸ ਪੱਧਰ ਤੇ ਬੈਂਕ ਕਰਮਚਾਰੀਆਂ ਦੀ ਪੇ ਕਮਿਸ਼ਨ ਵਾਲੀ ਫਾਈਲ ਵਿੱਚ ਖੜੋਤ ਆਈ ਹੈ |
ਇਸ ਸਬੰਧੀ ਸੂੂਬਾ ਪ੍ਰਧਾਨ ਨੇ ਜਾਣਕਾਰੀ ਦਿੱਤੀ ਕਿ ਉਕਤ ਫਾਈਲ ਦੀ ਸਿਰਫ ਪ੍ਰਵਾਨਗੀ ਹੀ ਦੇਣੀ ਹੈ ਜਦੋਂ ਕਿ ਇਸ ਉਪਰ ਆਉਣ ਵਾਲੇ ਖਰਚੇ ਦਾ ਕੋਈ ਵਿੱਤੀ ਬੋਝ ਪੰਜਾਬ ਦੇ ਸਰਕਾਰੀ ਖਜ਼ਾਨੇ ਉਪਰ ਨਹੀਂ ਪਵੇਗਾ | ਇਸ ਸਬੰਧੀ ਸੂਬਾ ਪ੍ਰਧਾਨ ਨੇ ਦੱਸਿਆ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਯੂਨੀਅਨ ਵੱਲੋਂ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਵਿੱਚ ਆਪ ਪਾਰਟੀ ਦੇ ਉਮੀਦਵਾਰਾਂ ਖਿਲਾਫ ਉਨ੍ਹਾਂ ਦੇ ਹਲਕਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਪ੍ਰਧਾਨ ਨੇ ਅੱਗੇ ਦੱਸਿਆ ਕਿ ਬੈਂਕ ਦੀ ਹਾੜ੍ਹੀ ਦੀ ਵਸੂਲੀ ਜੋ ਇਸ ਸਮੇਂ ਸਿਖਰਾਂ ਤੇ ਹੁੰਦੀ ਹੈ ਇਸ ਦਾ ਜੋ ਵੀ ਵਿੱਤੀ ਨੁਕਸਾਨ ਬੈਂਕ ਨੂੰ ਹੋਵੇਗਾ, ਉਸ ਸਬੰਧੀ ਬੈਂਕ ਮੈਨੇਜਮੈਂਟ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ |