ਪੁਲੀਸ ਨੇ ਰਸਤੇ ਵਿੱਚ ਰੋਕੇ ਕਿਸਾਨ, ਕਈਆਂ ਨੂੰ ਹਿਰਾਸਤ ਵਿੱਚ ਲਿਆ, ਵੱਖ ਵੱਖ ਥਾਣਿਆਂ ਵਿੱਚ ਕੀਤਾ ਬੰਦ
ਮੋਹਾਲੀ, 5 ਮਾਰਚ (ਗੁਰਵਿੰਦਰ ਸਿੰਘ) ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਪੱਕੇ ਧਰਨੇ ਨੂੰ ਮੁਹਾਲੀ ਪੁਲੀਸ ਵਲੋਂ ਅੱਜ ਨਾਕਾਮ ਕਰ ਦਿੱਤਾ ਗਿਆ। ਇਸ ਦੌਰਾਨ ਪੁਲੀਸ ਨੇ ਵੱਖ ਵੱਖ ਇਲਾਕਿਆਂ ਵਿੱਚ ਨਾਕੇਬੰਦੀ ਕਰਕੇ ਚੰਡੀਗੜ੍ਹ ਆਉਣ ਵਾਲੇ ਕਿਸਾਨਾਂ ਨੂੰ ਮੁਹਾਲੀ ਅੰਦਰ ਆਉਣ ਹੀ ਨਹੀਂ ਦਿੱਤਾ ਗਿਆ।
ਪੁਲਿਸ ਵਲੋਂ ਵੱਡੇ ਕਿਸਾਨ ਆਗੂਆਂ ਨੂੰ ਰਾਤ ਸਮੇਂ ਹੀ ਘਰਾਂ ਵਿੱਚ ਨਜਰਬੰਦ ਕਰ ਦਿੱਤਾ ਗਿਆ ਸੀ ਅਤੇ ਜਿਹੜੇ ਕਿਸਾਨ ਅੱਜ ਮੁਹਾਲੀ ਆ ਰਹੇ ਸਨ, ਉਨਾਂ ਨੂੰ ਪੁਲੀਸ ਵਲੋਂ ਰਸਤੇ ਵਿਚ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਸਵੇਰੇ ਮੁਹਾਲੀ ਸ਼ਹਿਰ ਵਿਚ ਤਾਂ ਸ਼ਾਂਤੀ ਰਹੀ ਅਤੇ ਕਿਤੇ ਵੀ ਜਾਮ ਨਹੀਂ ਲੱਗਾ, ਪ੍ਰੰਤੂ ਜ਼ੀਰਕਪੁਰ ਚੰਡੀਗੜ੍ਹ, ਕੁਰਾਲੀ ਤੋਂ ਮੁਹਾਲੀ ਅਤੇ ਘੜੂੰਆ ਵਿਖੇ ਜਾਮ ਲੱਗਾ ਰਿਹਾ ਅਤੇ ਆਮ ਲੋਕ ਕਈ ਘੰਟੇ ਜਾਮ ਵਿਚ ਫਸੇ ਰਹੇ।
ਕਿਸਾਨਾਂ ਨੂੰ ਰੋਕਣ ਲਈ ਮੁਹਾਲੀ ਪੁਲੀਸ ਵਲੋਂ ਪੂਰੇ ਜਿਲੇ ਵਿੱਚ 700 ਦੇ ਕਰੀਬ ਪੁਲੀਸ ਅਫਸਰ ਅਤੇ ਕਰਮਚਾਰੀ ਤੈਨਾਤ ਕੀਤੇ ਗਏ ਸਨ ਅਤੇ ਜਗਾ ਜਗਾ ਤੇ ਨਾਕੇ ਲਗਾ ਕੇ ਆਉਣ ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਸੀ।
ਇਸ ਦੌਰਾਨ ਕੁਝ ਕਿਸਾਨ ਜਿਹਨਾਂ ਦੀ ਤਦਾਤ 25 ਤੋਂ 30 ਦੱਸੀ ਜਾ ਰਹੀ ਹੈ, ਪੁਲੀਸ ਨੂੰ ਚਕਮਾ ਦੇ ਕੇ ਕਿਸੇ ਤਰਾਂ ਮੁਹਾਲੀ ਵਿੱਚ ਦਾਖਲ ਹੋਣ ਵਿੱਚ ਸਫਲ ਰਹੇ, ਜਿਨਾਂ ਨੂੰ ਮੁਹਾਲੀ ਪੁਲੀਸ ਵਲੋਂ ਹਿਰਾਸਤ ਵਿੱਚ ਲੈ ਕੇ ਮਟੌਰ ਪੁਲੀਸ ਸਟੇਸ਼ਨ ਲਿਆਂਦਾ ਗਿਆ। ਪੁਲੀਸ ਨੇ 1 ਦਰਜਨ ਦੇ ਕਰੀਬ ਟਰੈਕਟਰ ਟਰਾਲੀਆਂ ਨੂੰ ਵੀ ਆਪਣੇ ਕਬਜੇ ਵਿਚ ਲਿਆ ਹੈ।
ਪੁਲੀਸ ਵਲੋਂ ਥਾਣੇ ਵਿੱਚ ਲਿਆਂਦੇ ਸਾਰੇ ਕਿਸਾਨਾਂ ਨੂੰ ਲੰਗਰ ਵੀ ਛਕਾਇਆ ਗਿਆ।
ਦੁਪਹਿਰ ਸਮੇਂ ਜੇਲ ਰੋਡ ਤੇ ਪੁਲੀਸ ਵਲੋਂ ਮੁਹਾਲੀ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਲਿਜਾਏ ਜਾ ਰਹੇ ਕੁਝ ਸਵਰਾਜ ਟਰੈਕਟਰ ਵਾਲਿਆਂ ਨੂੰ ਇਸ ਕਰਕੇ ਰੋਕ ਲਿਆ ਕਿਉਂਕਿ ਟਰੈਕਟਰ ਚਲਾਉਣ ਵਾਲਿਆਂ ਦੇ ਮੂੰਹ ਬੰਨੇ ਹੋਏ ਸਨ। ਪੁਲੀਸ ਨੇ ਕਰੀਬ ਅੱਧੇ ਘੰਟੇ ਬਾਅਦ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਸਵਰਾਜ ਕੰਪਨੀ ਦੇ ਟਰੈਕਟਰਾਂ ਨੂੰ ਚੰਡੀਗੜ੍ਹ ਜਾਣ ਦੀ ਆਗਿਆ ਦਿੱਤੀ।
ਮੁਹਾਲੀ ਪੁਲੀਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵਲੋਂ ਵੀ ਕਿਸਾਨਾਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਚੰਡੀਗੜ੍ਹ ਪੁਲੀਸ ਵਲੋਂ ਬੈਰੀਕੇਟਿੰਗ ਕੀਤੀ ਹੋਈ ਸੀ ਅਤੇ ਮਿੱਟੀ ਨਾਲ ਭਰੇ ਕਈ ਟਿੱਪਰ ਵੀ ਖੜੇ ਕੀਤੇ ਹੋਏ ਸਨ। ਇਸ ਦੌਰਾਨ ਚੰਡੀਗੜ੍ਹ ਮੁਹਾਲੀ ਹੱਦ ਤੇ ਪੈਂਦੀ ਜੇਲ੍ਹ ਰੋਡ ਤੇ ਚੰਡੀਗੜ੍ਹ ਪੁਲੀਸ ਵਲੋਂ ਇਕ ਬਿਲਡਰ ਨੂੰ ਰੋਕ ਕੇ ਉਸ ਦੇ 3 ਪ੍ਰਾਈਵੇਟ ਪੀ. ਐਸ. ਓ ਜਿਨਾਂ ਕੋਲ ਪਿਸਟਲਾਂ ਸਨ, ਨੂੰ ਪੁੱਛਗਿੱਛ ਲਈ ਚੰਡੀਗੜ੍ਹ ਦੇ ਸੈਕਟਰ 49 ਵਿਚਲੇ ਪੁਲੀਸ ਸਟੇਸ਼ਨ ਲਿਆਂਦਾ ਗਿਆ।
ਐਸ.ਐਸ.ਪੀ ਮੁਹਾਲੀ ਦੀਪਕ ਪਾਰਿਕ ਵਲੋਂ ਜ਼ੀਰਕਪੁਰ ਵਿਖੇ ਪੱਕਾ ਡੇਰਾ ਲਗਾਇਆ ਹੋਇਆ ਸੀ, ਜੋ ਕਿ ਪੂਰੇ ਜਿਲੇ ਦੀ ਦੇਖ ਰੇਖ ਕਰ ਰਹੇ ਸਨ। ਕੁਰਾਲੀ ਵਿਖੇ ਜਾਮ ਲੱਗਣ ਕਾਰਨ ਪੁਲੀਸ ਨੇ ਟ੍ਰੈਫਿਕ ਨੂੰ ਸਿਸਵਾਂ ਵਾਲੇ ਪਾਸੇ ਮੋੜ ਕੇ ਜਾਮ ਖੁਲਵਾਇਆ। ਕਿਸਾਨ ਆਗੂ ਅਤੇ ਉੱਘੇ ਵਕੀਲ ਜਸਪਾਲ ਸਿੰਘ ਦੱਪਰ ਨੇ ਦੱਸਿਆ ਕਿ ਪੁਲੀਸ ਵਲੋਂ ਕਿਸਾਨਾਂ ਅਤੇ ਉਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਦੱਪਰ ਟੋਲ ਪਲਾਜਾ ਅਤੇ ਅਜੀਪੁਰ ਟੋਲ ਪਲਾਜਾ ਵਿਖੇ ਰੋਕ ਲਿਆ ਗਿਆ ਹੈ। ਉਨਾਂ ਦੱਸਿਆ ਕਿ ਕਿਸਾਨ ਆਗੂ ਰਜਿੰਦਰ ਸਿੰਘ ਢੋਲ ਅਤੇ ਕਰਮ ਸਿੰਘ ਕਾਰਕੌਰ ਨੂੰ ਕੱਲ ਤੋਂ ਹੀ ਜ਼ੀਰਕਪੁਰ ਥਾਣੇ ਬਿਠਾ ਕੇ ਰੱਖਿਆ ਹੋਇਆ ਹੈ। ਉਨਾਂ ਕਿਹਾ ਸਰਕਾਰ ਦਾ ਇਹ ਰਵੱਈਆ ਲੋਕਤੰਤਰ ਦਾ ਸ਼ਰੇਆਮ ਘਾਣ ਹੈ, ਜਿਸ ਦਾ ਖਮਿਆਜਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ।
ਇਸ ਸਬੰਧੀ ਕਿਸਾਨ ਆਗੂ ਪਰਮ ਬੈਦਵਾਣ ਨੇ ਦੱਸਿਆ ਕਿ ਪੁਲੀਸ ਵਲੋਂ ਅਮਰਜੀਤ ਸਿੰਘ ਪਡਿਆਲਾ ਬਲਾਕ ਪ੍ਰਧਾਨ ਰਾਜੇਵਾਲ ਨੂੰ ਫੜ ਕੇ ਫੇਜ਼ 8 ਦੇ ਥਾਣੇ ਲਿਆਂਦਾ ਗਿਆ ਹੈ। ਪਰਮਿੰਦਰ ਸਿੰਘ ਚਲਾਕੀ ਨੂੰ ਮੋਰਿੰਡਾ ਹੱਦ ਤੇ ਰੋਕ ਲਿਆ ਗਿਆ ਹੈ। ਇਸੇ ਤਰਾਂ ਰੇਸ਼ਮ ਸਿੰਘ ਬਡਾਲੀ ਜੋ ਕਿ ਕਿਸਾਨ ਯੂਨੀਅਨ ਕਾਂਦੀਆ ਦੇ ਜਿਲਾ ਮੀਤ ਪ੍ਰਧਾਨ ਹਨ, ਨੂੰ ਵੀ ਰਸਤੇ ਵਿੱਚ ਰੋਕ ਲਿਆ ਗਿਆ ਹੈ। ਕ੍ਰਿਪਾਲ ਸਿੰਘ ਸਿਆਊ ਜਿਲਾ ਪ੍ਰਧਾਨ ਰਾਜੇਵਾਲ ਨੂੰ ਕੱਲ ਤੋਂ ਹੀ ਐਰੋਸਿਟੀ ਥਾਣੇ ਵਿੱਚ ਬਿਠਾਇਆ ਹੋਇਆ ਹੈ।