*•ਪੰਜਾਬ ਵਿੱਚ ਵੱਖ-ਵੱਖ ਮੱਛੀ ਪਾਲਣ ਪ੍ਰਾਜੈਕਟਾਂ ਅਧੀਨ 500 ਤੋਂ ਵੱਧ ਲਾਭਪਾਤਰੀਆਂ ਨੂੰ 27 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ* *•ਕੁਦਰਤੀ ਪਾਣੀ ਸ੍ਰੋਤਾਂ, ਪ੍ਰਾਈਵੇਟ ਤੇ ਪੰਚਾਇਤੀ ਤਲਾਬਾਂ ਤੋਂ 1.81 ਲੱਖ ਟਨ ਤੋਂ ਵੱਧ ਦਾ ਮੱਛੀ ਉਤਪਾਦਨ: ਮੱਛੀ ਪਾਲਣ ਮੰਤਰੀ* ਚੰਡੀਗੜ੍ਹ, 12 ਫਰਵਰੀ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਮੱਛੀ ਉਤਪਾਦਨ ਅਤੇ ਐਕੁਆਕਲਚਰ ਦੇ ਵਿਕਾਸ ਲਈ ਕੀਤੇ ਗਏ ਵੱਖ-ਵੱਖ ਉਪਾਵਾਂ ਸਦਕਾ ਪੰਜਾਬ ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੇ ਮੱਛੀ ਪੂੰਗ ਫਾਰਮਾਂ ਤੋਂ ਸਾਲਾਨਾ 14 ਕਰੋੜ ਤੋਂ ਵੱਧ ਉੱਚ ਗੁਣਵੱਤਾ ਵਾਲੇ ਮੱਛੀ ਪੂੰਗ ਪੈਦਾ ਕੀਤੇ ਜਾ ਰਹੇ ਹਨ। ਇਹ ਪੂੰਗ ਕਿਸਾਨਾਂ ਨੂੰ ਸਬਸਿਡੀ 'ਤੇ ਪ੍ਰਦਾਨ ਕੀਤੇ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਕਾਂ ਦੀ ਸਹੂਲਤ ਲਈ ਸੂਬੇ ਵਿੱਚ 16 ਸਰਕਾਰੀ ਮੱਛੀ ਪੂੰਗ ਫਾਰਮ, 11 ਮੱਛੀ ਫੀਡ ਮਿੱਲਾਂ ਅਤੇ 7 ਲੈਬਾਂ ਉਪਲੱਬਧ ਹਨ। ਸਰਕਾਰੀ ਫਾਰਮਾਂ ਤੋਂ ਦਸੰਬਰ 2024 ਤੱਕ 14.74 ਕਰੋੜ ਮੱਛੀ ਪੂੰਗ ਪੈਦਾ ਕੀਤਾ ਗਿਆ, ਜੋ ਕਿ ਸਾਲ 2023 ਵਿੱਚ 13.90 ਕਰੋੜ ਸੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੱਛੀ ਪਾਲਣ ਅਧੀਨ 43,973 ਏਕੜ ਰਕਬਾ ਹੈ ਅਤੇ ਕੁਦਰਤੀ ਪਾਣੀ ਸ੍ਰੋਤਾਂ, ਨਿੱਜੀ ਅਤੇ ਪੰਚਾਇਤੀ ਤਲਾਬਾਂ ਤੋਂ 1,81,188 ਟਨ ਮੱਛੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਮੱਛੀ ਪਾਲਣ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਅਤੇ ਔਰਤਾਂ ਨੂੰ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਪ੍ਰਾਜੈਕਟਾਂ ਨੂੰ ਅਪਣਾਉਣ ਲਈ ਯੂਨਿਟ ਸਥਾਪਤ ਕਰਨ ਦੀ ਲਾਗਤ ਦੇ 40 ਫੀਸਦ ਤੋਂ 60 ਫੀਸਦ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਪ੍ਰਾਜੈਕਟਾਂ ਤਹਿਤ 500 ਤੋਂ ਵੱਧ ਲਾਭਪਾਤਰੀਆਂ ਨੂੰ ਲਗਭਗ 27 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਮੱਛੀ ਅਤੇ ਝੀਂਗਾ ਪਾਲਣ ਅਧੀਨ ਨਵੇਂ ਖੇਤਰ, ਰੀਸਰਕੁਲੇਟਰੀ ਐਕੁਆਕਲਚਰ ਸਿਸਟਮ (ਆਰ.ਏ.ਐਸ.) ਦੀ ਸਥਾਪਨਾ, ਬਾਇਓਫਲੋਕ ਕਲਚਰ ਸਿਸਟਮ, ਮੱਛੀ ਅਤੇ ਇਸਦੇ ਉਤਪਾਦਾਂ ਦੀ ਢੋਆ-ਢੁਆਈ ਲਈ ਵਾਹਨਾਂ ਦੀ ਖਰੀਦ, ਮੱਛੀ ਫੀਡ ਮਿੱਲ, ਮੱਛੀ ਕਿਓਸਕ ਆਦਿ ਸ਼ਾਮਲ ਹਨ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੱਛੀ ਅਤੇ ਝੀਂਗਾ ਪਾਲਣ ਸਬੰਧੀ ਮੁੱਢਲੀ ਸਿਖਲਾਈ ਹਰ ਮਹੀਨੇ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੱਛੀਆਂ ਲਈ ਤਲਾਬ ਤਿਆਰ ਕਰਨ, ਪੂੰਗ ਦੇ ਭੰਡਾਰਨ, ਮੱਛੀ ਪਾਲਣ ਅਤੇ ਤਿਆਰ ਮੱਛੀ ਪ੍ਰਾਪਤ ਕਰਨ ਲਈ ਤਕਨੀਕੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਸੂਬੇ ਵਿੱਚ ਨੀਲੀ ਕ੍ਰਾਂਤੀ ਲਿਆਉਣ ਲਈ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਵਿੱਚ ਮੱਛੀ ਉਤਪਾਦਨ ਅਤੇ ਐਕੁਆਕਲਚਰ ਦੇ ਵਿਕਾਸ ਲਈ ਆਧੁਨਿਕ ਤਕਨੀਕਾਂ ਅਪਣਾਈਆਂ ਗਈਆਂ ਹਨ ਅਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸਦਾ ਉਦੇਸ਼ ਕਿਸਾਨਾਂ ਦੀ ਆਮਦਨ ਵਿੱਚ ਹੋਰ ਵਾਧਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੱਛੀ ਪਾਲਣ ਸਬੰਧੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਲਿਆਂਵਾਲੀ ਵਿਖੇ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਅਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਘਲੌੜੀ ਵਿਖੇ ਨਵੀਂ ਮੱਛੀ ਮੰਡੀ ਦੀ ਸਥਾਪਨਾ ਕੀਤੀ ਗਈ ਹੈ। ਮੱਛੀ ਪਾਲਣ ਖੇਤਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਅਤੇ ਦਾਇਰੇ ਬਾਰੇ ਚਾਨਣਾ ਪਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸੂਬੇ ਦੇ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਅਪਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ 6 ਮੱਛੀ ਅਤੇ ਝੀਂਗਾ ਪਾਲਕਾਂ ਨੂੰ ਮੱਛੀ ਪਾਲਣ ਵਿਭਾਗ (ਭਾਰਤ ਸਰਕਾਰ) ਵੱਲੋਂ ਨਵੀਂ ਦਿੱਲੀ ਵਿਖੇ 76ਵੇਂ ਗਣਤੰਤਰ ਦਿਵਸ ਮੌਕੇ ਸਨਮਾਨਿਤ ਵੀ ਕੀਤਾ ਗਿਆ ਹੈ।
Gurmeet-Singh-Khudhiya-Agriculture-Minister-Punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)