ਲੁਧਿਆਣਾ ਚੰਡੀਗੜ੍ਹ ਮੁੱਖ ਸੜਕ ਤੇ ਫੋਰਟਿਸ ਹਸਪਤਾਲ ਨੇੜੇ ਹੋਏ ਇਕ ਭਿਆਨਕ ਸੜਕ ਹਾਦਸੇ ਚ ਤਿੰਨ ਬੱਚਿਆਂ ਸਮੇਤ ਪੰਜ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕਾਂ ਵਿਚ ਕਾਰ ਚਾਲਕ ਰਾਜੇਸ਼ ਕੁਮਾਰ ਉਸ ਦੀ ਪੰਜ ਸਾਲਾ ਕੁੜੀ ਜੈਸਮੀਨ ਅਤੇ ਪ੍ਰਤਾਪ ਨਗਰ ਦੇ ਰਹਿਣ ਵਾਲੇ ਰਾਜੇਸ਼ ਦੀ ਸਾਲੀ ਸੰਜਨਾ ਉਸ ਦੀਆਂ ਦੋ ਕੁੜੀਆਂ ਖ਼ੁਸ਼ੀ ਤਿੰਨ ਸਾਲ ਅਤੇ ਮਾਹੀ ਪੰਜ ਸਾਲ ਸ਼ਾਮਿਲ ਹਨ।
ਜਾਂਚ ਅਧਿਕਾਰੀ ਦਲਬੀਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ ਉੱਥੇ ਇਹ ਇਕ ਪਾਰਟੀ ਚ ਸ਼ਾਮਿਲ ਹੋਣ ਗਏ ਸਨ ਅੱਜ ਤੜਕੇ ਢਾਈ ਵਜੇ ਦੇ ਕਰੀਬ ਜਦੋਂ ਕਾਰ ਫੋਰਟਿਸ ਹਸਪਤਾਲ ਨੇੜੇ ਪਹੁੰਚੀ ਤਾਂ ਰਾਜੇਸ਼ ਕਾਰ ਦਾ ਸੰਤੁਲਨ ਗੁਆ ਬੈਠਾ ਅਤੇ ਪਹਿਲਾਂ ਕਾਰ ਡਿਵਾਈਡਰ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਸੜਕ ਤੇ ਲੱਗੇ ਖੰਭੇ ਨਾਲ ਟਕਰਾ ਗਈ, ਜਿਸ ਦੇ ਸਿੱਟੇ ਵਜੋਂ ਇਹ ਸਾਰੇ ਗੰਭੀਰ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।