ਘਰ ਵਿੱਚੋਂ ਨਕਦੀ ਅਤੇ ਕੀਮਤੀ ਸਾਮਾਨ ਦੀ ਚੋਰੀ ਕਰਨ ਤੋਂ ਬਾਅਦ ਟੂਟੀਆਂ ਵੀ ਚੋਰੀ ਕਰਕੇ ਲੈ ਗਏ ਚੋਰ
ਮੋਹਾਲੀ, 25 ਅਪ੍ਰੈਲ (ਗੁਰਵਿੰਦਰ ਸਿੰਘ) ਜਿਲ੍ਹਾ ਪੁਲੀਸ ਵਲੋਂ ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਦੇ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਹਾਲਾਤ ਇਹ ਹਨ ਕਿ ਚੋਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਉਹਨਾਂ ਵਲੋਂ ਪਿਛਲੇ 6 ਦਿਨਾਂ ਦੌਰਾਨ ਫੇਜ਼ 2 ਦੇ ਇੱਕੋਂ ਘਰ ਵਿੱਚ ਤਿੰਨ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ ਅਤੇ ਚੋਰਾਂ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋਣ ਦੇ ਬਾਵਜੂਦ ਪੁਲੀਸ ਉਹਨਾਂ ਨੂੰ ਕਾਬੂ ਨਹੀਂ ਕਰ ਪਾਈ ਹੈ। ਫੇਜ਼ 2 ਦੀ ਵਸਨੀਕ ਮਹਿਲਾ ਮੀਨਾਕਸ਼ੀ ਨੇ ਦੱਸਿਆ ਕਿ ਉਹਨਾਂ ਦੇ ਪਤੀ ਬਾਹਰ ਰਹਿੰਦੇ ਹਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਹਨਾਂ ਦੇ ਮਾਤਾ ਦੀ ਤਬੀਅਤ ਢਿੱਲੀ ਹੋਣ ਕਾਰਨ ਉਹ ਰਾਤ ਵੇਲੇ ਆਪਣੇ ਘਰ ਨੂੰ ਤਾਲਾ ਲਗਾ ਕੇ ਸੈਕਟਰ 49 ਵਿੱਚ ਆਪਣੀ ਮਾਂ ਦੇ ਘਰ ਚਲੇ ਜਾਂਦੇ ਹਨ ਅਤੇ ਦਿਨ ਵਿੱਚ ਇੱਥੇ ਆ ਜਾਂਦੇ ਹਨ। ਉਹਨਾਂ ਦੱਸਿਆ ਕਿ ਉਹ ਬੀਤੀ 18 ਤਰੀਕ ਨੂੰ ਉਹ ਘਰ ਨੂੰ ਤਾਲਾ ਲਗਾ ਕੇ ਗਏ ਸਨ ਅਤੇ 20 ਤਰੀਕ ਨੂੰ ਆ ਕੇ ਵੇਖਿਆ ਤਾਂ ਚੋਰਾਂ ਵਲੋਂ ਉਹਨਾਂ ਦੇ ਮਕਾਨ ਵਿੱਚ ਦਾਖਿਲ ਹੋ ਕੇ ਉਹਨਾਂ ਦੇ ਘਰ ਦਾ ਸਾਮਾਨ ਉਥਲ ਪੁਥਲ ਕਰ ਦਿੱਤਾ ਸੀ ਅਤੇ ਉਹਨਾਂ ਦੇ ਪਤੀ ਦੀ ਅਲਮਾਰੀ (ਜਿਸ ਵਿੱਚ ਨਕਦੀ ਪਈ ਸੀ) ਤੋੜ ਕੇ ਨਕਦੀ ਚੋਰੀ ਕਰ ਲਈ ਸੀ। ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਸ ਮਾਮਲੇ ਦੀ ਪੁਲੀਸ ਵਿੱਚ ਸ਼ਿਕਾਇਤ ਕੀਤੀ ਗਈ ਅਤੇ ਆਸ ਪੜੌਸ ਦੇ ਸੀ ਸੀ ਟੀ ਵੀ ਦੀ ਫੁਟੇਜ ਵਿੱਚ ਪਤਾ ਲੱਗਿਆ ਕਿ ਇੱਕ ਬਾਈਕ ਤੇ ਆਏ ਤਿੰਨ ਵਿਅਕਤੀਆਂ (ਜਿਹੜੇ ਪ੍ਰਵਾਸੀ ਲੱਗਦੇ ਸਨ) ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਸੰਬੰਧੀ ਪੁਲੀਸ ਵਲੋਂ ਮਾਮਲਾ ਦਰਜ ਕਰਕੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਚੋਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਉਸ ਦਿਨ ਵੀ ਉਹ ਤਾਲਾ ਲਗਾ ਕੇ ਚਲੇ ਗਏ ਅਤੇ ਅਗਲੇ ਦਿਨ ਜਦੋਂ ਆ ਕੇ ਵੇਖਿਆ ਤਾਂ ਉਹਨਾਂ ਦੇ ਘਰ ਦਾ ਸਾਮਾਨ ਉਥਲ ਪੁਥਲ ਹੋਇਆ ਪਿਆ ਸੀ ਅਤੇ ਚੋਰਾਂ ਵਲੋਂ ਉਹਨਾਂ ਦੇ ਘਰ ਵਿੱਚ ਦਾਖਿਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਚੋਰਾਂ ਵਲੋਂ ਅਲਮਾਰੀ ਤੋੜ ਕੇ ਉਸ ਵਿੱਚ ਪਏ ਚਾਂਦੀ ਦੇ ਬਰਤਨ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਜਿਸਤੇ ਉਹਨਾਂ ਨੇ ਦੁਬਾਰਾ ਪੁਲੀਸ ਨੂੰ ਸ਼ਿਕਾਇਤ ਦਿੱਤੀ। ਉਹਨਾਂ ਦੱਸਿਆ ਕਿ ਸੀ ਸੀ ਟੀ ਵੀ ਦੀ ਫੁਟੇਜ ਤੋਂ ਪਤਾ ਲੱਗਿਆ ਕਿ ਚੋਰ ਉਹਨਾਂ ਦੇ ਘਰ ਵਿੱਚ ਰਾਤ 8.05 ਵਜੇ ਦਾਖਿਲ ਹੋਏ ਸਨ ਅਤੇ 8.27 ਤੇ ਬਾਹਰ ਚਲੇ ਗਏ ਸਨ। ਉਹਨਾਂ ਕਿਹਾ ਕਿ ਪੁਲੀਸ ਵਲੋਂ ਉਹਨਾਂ ਨੂੰ ਇਸ ਖੇਤਰ ਵਿੱਚ ਗਸ਼ਤ ਤੇਜ ਕਰਨ ਅਤੇ ਚੋਰਾਂ ਨੂੰ ਛੇਤੀ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ।ਉਹਨਾਂ ਦੱਸਿਆ ਕਿ ਚੋਰਾਂ ਦਾ ਹੌਂਸਲਾ ਇੰਨਾ ਵੱਧ ਗਿਆ ਹੈ ਕਿ ਬੀਤੀ ਰਾਤ ਚੋਰ ਫਿਰ ਉਹਨਾਂ ਦੇ ਘਰ ਵਿੱਚ ਦਾਖਿਲ ਹੋ ਗਏ ਅਤੇ ਕੋਈ ਹੋਰ ਸਾਮਾਨ ਨਾ ਮਿਲਣ ਤੇ ਘਰ ਵਿੱਚ ਲੱਗੀਆਂ ਟੂਟੀਆਂ ਹੀ ਤੋੜ ਕੇ ਨਾਲ ਲੈ ਗਏ। ਉਹਨਾਂ ਦੱਸਿਆ ਕਿ ਸੀ ਸੀ ਟੀ ਵੀ ਦੀ ਫੁਟੇਜ ਵਿੱਚ ਦਿਖਦਾ ਹੈ ਕਿ ਇੱਕ ਵਿਅਕਤੀ ਬਾਅਦ ਦੁਪਹਿਰ 4.25 ਵਜੇ ਉਹਨਾਂ ਦੇ ਘਰ ਵਿੱਚ ਦਾਖਿਲ ਹੁੰਦਾ ਹੈ ਅਤੇ 15 ਕੁ ਮਿਨਟ ਉੱਥੇ ਰੁਕ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਚੋਰਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਇਸ ਸੰਬੰਧੀ ਸੰਪਰਕ ਕਰਨ ਤੇ ਥਾਣਾ ਫੇਜ਼ 1 ਦੇ ਐਸ ਐਚ ਓ ਸੁਖਬੀਰ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ ਸੀ ਟੀ ਵੀ ਦੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਪਹਿਚਾਨ ਕਰਕੇ ਉਹਨਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਸੰਪਰਕ ਕਰਨ ਤੇ ਡੀ ਐਸ ਪੀ ਸਿਟੀ 1 ਸ੍ਰੀ ਮੋਹਿਤ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਹੈ ਅਤੇ ਪੁਲੀਸ ਵਲੋਂ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਚੋਰ ਦੀ ਪੈੜ ਨੱਪੀ ਜਾ ਰਹੀ ਹੈ ਅਤੇ ਚੋਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।