ਮੋਹਾਲੀ, 19 ਮਾਰਚ {ਗੁਰਵਿੰਦਰ ਸਿੰਘ} ਸਥਾਨਕ ਫੇਜ਼ 1 ਇੰਡਸ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਗੱਡੀ ਵਿੱਚ ਅੱਜ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ (55 ਸਾਲ), ਵਸਨੀਕ ਸੰਤੋਸ਼ਗੜ੍ਹ, ਨਯਾ ਨੰਗਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨਸੁਸਾਰ ਇਸ ਵਿਅਕਤੀ ਨੇ 2-3 ਦਿਨ ਪਹਿਲਾਂ ਆਪਣੀ ਮਾਂ ਨੂੰ ਇੰਡਸ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਜਿਸ ਤੋਂ ਬਾਅਦ ਉਹ ਗੱਡੀ ਵਿੱਚ ਆ ਕੇ ਸੌ ਗਿਆ ਅਤੇ ਗੱਡੀ ਵਿੱਚ ਹੀ ਉਸਦੀ ਮੌਤ ਹੋ ਗਈ। ਅੱਜ ਕਈ ਦਿਨ ਬੀਤਣ ਤੋਂ ਬਾਅਦ ਲਾਸ਼ ਤੋਂ ਬਦਬੂ ਆਉਣ ਕਾਰਨ ਇਸ ਗੱਡੀ ਵਿੱਚ ਲਾਸ਼ ਹੋਣ ਬਾਰੇ ਪਤਾ ਲੱਗਿਆ।
ਥਾਣਾ ਫੇਜ਼ 1 ਦੇ ਏ ਐਸ ਆਈ ਭੂਸ਼ਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨਾਲ ਫੋਨ ਤੇ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਸੀ, ਪਰੰਤੂ ਉਸਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਇਸ ਸੰਬੰਧੀ ਪਰਿਵਾਰ ਵਲੋਂ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਵਿਅਕਤੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ ਗਈ।