ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਕੀਤਾ ਸਵਾਗਤ, ਨਾਰਾਜ਼ ਹੋ ਕੇ ਗਏ ਅਕਾਲੀਆਂ ਨੂੰ ਵਾਪਸੀ ਦੀ ਮੁੜ ਕੀਤੀ ਅਪੀਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਹੋ ਗਏ ਤੇ ਉਹਨਾਂ ਪਾਰਟੀ ਦੀ ਮਜ਼ਬੂਤੀ ਲਈ ਹੋਰ ਮਿਹਨਤ ਨਾਲ ਕੰਮ ਕਰਨ ਦਾ ਪ੍ਰਣ ਲਿਆ।
ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੇ ਅਸਥਾਨ ’ਤੇ ਬੀਬੀ ਜਗੀਰ ਕੌਰ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਜਨਮ ਤੋਂ ਹੀ ਅਕਾਲੀ ਹਨ ਤੇ ਕਿਹਾ ਕਿ ਮੈਂ ਅਕਾਲੀ ਸੀ ਤੇ ਹਮੇਸ਼ਾ ਅਕਾਲੀ ਰਹਾਂਗੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਧਾਰਮਿਕ ਖੇਤਰ ਵਿਚ ਕੰਮ ਕਰਦੇ ਰਹਿਣਗੇ ਅਤੇ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਵੱਲੋਂ ਪੂਰੀ ਜੀਅ ਜਾਨ ਲਗਾ ਦੇਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਬੀ ਜੀ ਨਾਲ ਮੇਰੇ ਸਬੰਧ ਪਰਿਵਾਰਕ ਮੈਂਬਰਾਂ ਵਾਂਗੂ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਪਹਿਲਾਂ ਵੀ ਹੱਥ ਜੋੜ ਕੇ ਬੀਬੀ ਜੀ ਨੂੰ ਮੁੜ ਪਾਰਟੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਤੇ ਉਹ ਉਹਨਾਂ ਦੀ ਅਪੀਲ ਮੰਨਣ ਲਈ ਬੀਬੀ ਜੀ ਦੇ ਧੰਨਵਾਦੀ ਹਨ।
ਸਰਦਾਰ ਬਾਦਲ ਨੇ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਗਏ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਪਾਰਟੀ ਵਿਚ ਵਾਪਸ ਆ ਜਾਣ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਏਕਤਾ ਸਮੇਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇਕਜੁੱਟ ਹੋਵਾਂਗੇ ਤਾਂ ਹੀ ਅਸੀਂ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਕੀਤੇ ਜਾ ਰਹੇ ਯਤਨਾਂ ਨੂੰ ਅਸਫਲ ਬਣਾ ਸਕਾਂਗੇ।
ਬਾਅਦ ਵਿਚ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਸੀ ਏ ਏ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਕਹਿੰਦਾ ਆ ਰਿਹਾ ਹੈ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਆਏ ਦੋ ਲੱਖ ਸਿੱਖਾਂ ਨੂੰ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਖੀਰ ਵਿਚ ਅਜਿਹਾ ਹੋ ਰਿਹਾ ਹੈ ਤੇ ਉਹ ਇਸਦਾ ਸਵਾਗਤ ਕਰਦੇ ਹਨ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਨੂੰ ਲੋਕਾਂ ਵੱਲੋਂ ਲਾਮਿਸਾਲ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਲੋਕ ਅਕਾਲੀ ਦਲ ਨਾਲ ਪੂਰੀ ਤਰ੍ਹਾਂ ਇਕਜੁੱਟਤਾ ਦਾ ਪ੍ਰਗਟਾਵਾ ਕਰ ਰਹੇ ਹਨ।ਇਸ ਮੌਕੇ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੁਰਜੀਤ ਸਿੰਘ ਅਬਲੋਵਾਲ, ਹਰਪ੍ਰੀਤ ਕੌਰ ਮੁਖਮੇਲਪੁਰ, ਹਰਜਿੰਦਰ ਕੌਰ ਤੇ ਪਰਮਜੀਤ ਕੌਰ ਲਾਂਡਰਾ ਵੀ ਹਾਜ਼ਰ ਸਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)