ਮਸਤੂਆਣਾ ਸਾਹਿਬ ਵਿਖੇ ਬਣਾਏ ਜਾਣ ਵਾਲੇ ਹਸਪਤਾਲ ਦੇ ਕੰਮ ਸ਼ੁਰੂ ਕਰਵਾਉਣ ਲਈ ਇਲਾਕਾ ਨਿਵਾਸੀਆਂ ਨੇ ਸੰਘਰਸ਼ ਨੂੰ ਕੀਤਾ ਹੋਰ ਤਿੱਖਾ
Feb8,2023
| Jagsir Longowal | Longowal
ਵਿਵਾਦ ਦੇ ਹੱਲ ਲਈ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਮਾਮਲਾ ਹੱਲ ਹੋਣ ਦੀ ਸੰਭਾਵਨਾ -ਭਾਈ ਲੌਂਗੋਵਾਲ
ਪੰਜਾਬ ਸਰਕਾਰ ਵੱਲੋਂ ਮਸਤੂਆਣਾ ਵਿਖੇਂ ਬਣਾਏ ਜਾਣ ਵਾਲੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮਸਤੂਆਣਾ ਸਾਹਿਬ ਦੀ ਉਸਾਰੀ ਨੂੰ ਲੈ ਕੇ ਇਲਾਕਾ ਨਿਵਾਸੀਆ ਵੱਲੋਂ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਅੱਗੇ ਸ਼ੁਰੂ ਕੀਤੇ ਗਏ ਰੋਸ ਧਰਨੇ ਨੂੰ ਹੋਰ ਤਿੱਖਾ ਕਰਦਿਆ ਹਸਪਤਾਲ ਦੀ ਉਸਾਰੀ ਨੂੰ ਰੋਕਣ ਵਾਲੇ ਆਗੂਆਂ ਖਿਲਾਫ ਡਟਵੀਂ ਨਾਅਰੇਵਾਜੀ ਕੀਤੀ ਗਈ।
ਇਲਾਕਾ ਨਿਵਾਸੀਆਂ ਵੱਲੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ 69ਵੇਂ ਦਿਨ ਵੀ ਜ਼ਾਰੀ ਰਿਹਾ।ਇਸ ਦੋਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਇਲਾਕਾ ਨਿਵਾਸੀ ਦੇਰ ਸ਼ਾਮ ਤੱਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਅੱਗੇ ਡਟੇ ਰਹੇ। ਅੱਜ ਦੇ ਰੋਸ ਧਰਨੇ ਨੂੰ ਆਰੰਭ ਕਰਦਿਆ ਗੁਰਦੁਆਰਾ ਸੱਚਖੰਡ ਅਗੀਠਾ ਸਾਹਿਬ ਮਸਤੂਆਣਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਸੁਖਵਿੰਦਰ ਸਿੰਘ ਸੋਨੀ ਨੇ ਕਿਹਾ ਕਿ ਸੰਤ ਅਤਰ ਸਿੰਘ ਜੀ ਦੀ ਯਾਦ ਵਿਚ ਹੋਏ ਸਲਾਨਾ ਸਮਾਗਮ ਨੂੰ ਮੁੱਖ ਰੱਖਦਿਆ ਇਲਾਕਾ ਨਿਵਾਸੀਆਂ ਵੱਲੋਂ ਅਗਲੇ ਕੁੱਝ ਦਿਨਾ ਲਈ ਰੋਸ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪ੍ਰੰਤੂ ਮੈਡੀਕਲ ਸੰਸਥਾ ਦਾ ਵਿਰੋਧ ਕਰਨ ਵਾਲੇ ਇਸ ਸਬੰਧੀ ਗਲਤ ਪ੍ਰਚਾਰ ਕਰਨ ਲੱਗ ਪਏ ਸਨ। ਉਨ੍ਹਾਂ ਕਿਹਾ ਕਿ ਇਸ ਖੇਤਰ ਦੀਆਂ ਸੰਗਤਾ ਦੇ ਹੁਕਮਾ ਤਹਿਤ ਅਸੀ ਅਪਣਾ ਇਹ ਸੰਘਰਸ਼ ਉਦੋ ਤੱਕ ਸਮਾਪਿਤ ਨਹੀ ਕਰਦੇ ਜਦੋ ਤੱਕ ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿਚ ਪੰਜਾਬ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਮੈਡੀਕਲ ਸੰਸਥਾ ਦੇ ਨਿਰਮਾਣ ਕਾਰਜ਼ ਅਰੰਭ ਨਹੀ ਹੋ ਜਾਂਦੇ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸੰਗਤ ਵੱਲੋਂ ਸ਼ੁਰੂ ਕੀਤਾ ਗਿਆ ਇਹ ਧਰਨਾ ਅੱਜ 69ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ। ਅੱਜ ਦੇ ਧਰਨੇ ਵਿਚ ਸ਼ਾਮਿਲ ਹੋਏ ਇਲਾਕਾ ਨਿਵਾਸੀਆਂ ਨੂੰ ਕਿਸਾਨ ਆਗੂ ਕਾਮਰੇਡ ਭਰਪੂਰ ਸਿੰਘ ਦੁੱਗਾਂ, ਸਾਬਕਾ ਕੌਂਸਲਰ ਕਰਨੈਲ ਸਿੰਘ ਜੱਸੇਕਾ, ਡਾ. ਗੁਰਮੇਲ ਸਿੰਘ ਬਹਾਦਰਪੁਰ, ਮਾਸਟਰ ਅਜਾਇਬ ਸਿੰਘ, ਦਰਸ਼ਨ ਸਿੰਘ ਨੱਤ, ਮਨਜਿੰਦਰ ਸਿੰਘ ਲਿੱਦੜਾ, ਮਨਦੀਪ ਸਿੰਘ ਲਿੱਦੜਾ, ਸਮੁੰਦਰ ਸਿੰਘ, ਰਜਿੰਦਰ ਸਿੰਘ ਲਿੱਦੜਾ, ਬਿੱਕਰ ਸਿੰਘ ਬਹਾਦਰਪੁਰ, ਦਰਸ਼ਨ ਸਿੰਘ ਕੁੰਨਰਾਂ, ਬੰਤ ਸਿੰਘ ਫੋਜੀ, ਸੁਭਾਸ ਚੰਦ, ਗੁਰਧਿਆਨ ਸਿੰਘ, ਜਸਵੰਤ ਸਿੰਘ ਦੁੱਗਾਂ, ਜਰਨੈਲ ਸਿੰਘ ਚੰਗਾਲ, ਰਜਿੰਦਰ ਸਿੰਘ ਲਿੱਦੜਾ, ਸੁਪਿੰਦਰ ਸਿੰਘ, ਕਾਂਗਰਸੀ ਆਗੂ ਡਾ. ਸੁਰਿੰਦਰ ਸ਼ਰਮਾ ਬਹਾਦਰਪੁਰ, ਮਨਜਿੰਦਰ ਸਿੰਘ ਲਿੱਦੜਾ, ਬਘੇਲ ਸਿੰਘ ਦੁੱਗਾਂ, ਹਰਨੇਕ ਸਿੰਘ ਅਤੇ ਬਿੱਕਰ ਸਿੰਘ ਬਹਾਦਰਪੁਰ ਨੇ ਵੀ ਸੰਬੋਧਨ ਕੀਤਾ।ਇਸ ਸਬੰਧੀ ਕੀ ਕਹਿੰਦੇ ਹਨ ਭਾਈ ਗੋਬਿੰਦ ਸਿੰਘ ਲੌਂਗੋਵਾਲ- ਮੈਡੀਕਲ ਸੰਸਥਾ ਦੇ ਨਿਰਮਾਣ ਨੂੰ ਲੈ ਕੇ ਚੱਲ ਰਹੇ ਜ਼ਮੀਨੀ ਵਿਵਾਦ ਸਬੰਧੀ ਗੱਲਬਾਤ ਕਰਦਿਆ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮਸਤੂਆਣਾ ਸਾਹਿਬ ਵਿਖੇਂ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਮ ਤੇ ਬਣਾਈ ਜਾਣ ਵਾਲੀ ਮੈਡੀਕਲ ਸੰਸਥਾ ਦੇ ਨਾਲ ਸਬੰਧਤ ਸਮੁੱਚੀਆਂ ਧਿਰਾਂ ਨਾਲ ਰਾਬਤਾ ਰੱਖਣ ਵਾਲੇ ਸੰਤ ਜੀ ਦੇ ਕੁੱਝ ਸ਼ਰਧਾਲੂਆਂ ਵੱਲੋਂ ਇਸ ਮਾਮਲੇ ਦਾ ਹੱਲ ਕੀਤੇ ਜਾਣ ਲਈ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਵੱਲੋਂ ਕੀਤੀ ਜਾ ਰਹੀ ਚਾਰਾ-ਜ਼ੋਰੀ ਤੋਂ ਉਮੀਦ ਲਗਾਈ ਜਾ ਸਕਦੀ ਹੈ ਕਿ ਮੈਡੀਕਲ ਸੰਸਥਾ ਲਈ ਚੱਲ ਰਿਹਾ ਵਿਵਾਦ ਜਲਦ ਹੀ ਸਮਾਪਤ ਹੋ ਜਾਵੇਗਾ।
Sgpc-News-