ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ 'ਤੇ ਕਰਵਾਏ ਗਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
May24,2025
| Ravinder Singh Dhillon | Khanna/ludhiana
ਸ਼ਹੀਦ ਕਰਤਾਰ ਸਿੰਘ ਸਰਾਭਾ ਮਹਿਜ਼ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਨੌਜਵਾਨ ਕ੍ਰਾਂਤੀਕਾਰੀ ਸਨ :- ਕੈਬਨਿਟ ਮੰਤਰੀ ਸੌਂਦ
ਸੂਬੇ ਅਤੇ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ
ਪੰਜਾਬੀਆਂ ਨੇ ਦੇਸ਼ ਦੀ ਲੜਾਈ ਵਿੱਚ ਸਭ ਤੋਂ ਵੱਧ 90 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ
ਵੱਖ-ਵੱਖ ਰਾਜਾਂ ਵਿੱਚੋਂ ਆਏ ਸੁਤੰਤਰਤਾ ਸੰਗਰਾਮੀਆ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ
ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਕਾਮਰਸ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਏ.ਐਸ.ਮਾਡਰਨ ਸਕੂਲ (ਪ੍ਰਾਇਮਰੀ ਵਿੰਗ) ਖੰਨਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ 'ਤੇ ਕਰਵਾਏ ਗਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਸਭ ਤੋਂ ਨੌਜਵਾਨ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਸ਼ਹੀਦ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਆਪਣੇ ਦੇਸ਼ ਲਈ ਨਿਰਸਵਾਰਥ ਸੇਵਾ ਨਿਭਾਉਣ ਵਾਸਤੇ ਨੌਜਵਾਨ ਪੀੜ੍ਹੀਆਂ ਲਈ ਸਦੀਆਂ ਤੋਂ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਸ੍ਰੀ ਸੌਂਦ ਨੇ ਕਿਹਾ ਕਿ ਮਹਾਨ ਸ਼ਹੀਦ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਗਦਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾਂ ਨੇ ਪਹਿਲਾਂ ਵਿਦੇਸ਼ ਅਤੇ ਫਿਰ ਦੇਸ਼ ਦੇ ਅੰਦਰ ਆਜ਼ਾਦੀ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਕੀਤੀ।
ਕੈਬਨਿਟ ਮੰਤਰੀ ਨੇ ਨੌਜਵਾਨਾਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਸਾਡੇ ਮਹਾਨ ਨਾਇਕਾਂ ਦੁਆਰਾ ਦਿੱਤੀ ਮਹਾਨ ਕੁਰਬਾਨੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।
ਸੌਂਦ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਮਹਾਨ ਨਾਇਕਾਂ ਦੇ ਜਨਮ ਦਿਹਾੜੇ ਬੜੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਜੋਸ਼ ਅਤੇ ਦ੍ਰਿੜਤਾ ਨਾਲ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਧਰਤੀ ਦੇ ਇਨ੍ਹਾਂ ਮਹਾਨ ਸਪੂਤਾਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।
ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਤ ਨਹੀਂ ਹੁੰਦੇ ਸਗੋਂ ਉਹ ਪੂਰੀ ਕੌਮ ਦਾ ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਦੱਸਿਆ ਕਿ ਸਾਡੇ ਮਹਾਨ ਸ਼ਹੀਦਾਂ ਦੇ ਦਰਸਾਏ ਕਦਮਾਂ ਦੀ ਪਾਲਣਾ, ਸੂਬੇ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਉਨ੍ਹਾਂ ਇਹ ਵੀ ਯਾਦ ਦੁਆਇਆ ਕਿ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਬਿਹਤਰੀ ਅਤੇ ਦੇਸ਼ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਬੋਤਮ ਕੁਰਬਾਨੀਆਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਸੁਤੰਤਰਤਾ ਸੰਗਰਾਮੀਆਂ ਦੀਆਂ ਇੱਛਾਵਾਂ ਦੀ ਕਦਰ ਕਰਨ ਲਈ ਸਖਤ ਯਤਨ ਕਰਨੇ ਚਾਹੀਦੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਸਭ ਤੋ ਵੱਧ 90 ਪ੍ਰਤੀਸ਼ਤ ਕੁਰਬਾਨੀਆ ਦਿੱਤੀਆਂ ਹਨ, ਅੱਜ ਵੀ ਜਦੋਂ ਦੇਸ਼ ਦੇ ਬਾਰਡਰ ਤੇ ਜੰਗ ਵਰਗੇ ਹਾਲਾਤ ਬਣਦੇ ਹਨ ਤਾਂ ਪੰਜਾਬੀ ਹੀ ਡੱਟ ਕੇ ਮੋਹਰੀ ਹੁੰਦੇ ਹਨ। ਪੰਜਾਬ ਦੇ ਲਗਭਗ ਹਰ ਪਿੰਡ ਵਿਚ ਕਿਸੇ ਨਾ ਕਿਸੇ ਸ਼ਹੀਦ ਦੀ ਯਾਦਗਾਰ ਇਸ ਗੱਲ ਦੀ ਪ੍ਰਤੱਖ ਗਵਾਹ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਨਾ ਸਿਰਫ ਪੰਜਾਬ ਤੋਂ ਸਗੋਂ ਵੱਖ-ਵੱਖ ਸੂਬਿਆਂ ਜਿਵੇਂ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਸੁਤੰਤਰਤਾ ਸੰਗਰਾਮੀਆ ਦੇ ਪਰਿਵਾਰ ਵੀ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਸੁਤੰਤਰਤਾ ਸੰਗਰਾਮੀਆ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ।
ਸੁਤੰਤਰਤਾ ਸੰਗਰਾਮੀ ਅਤੇ ਪਰਿਵਾਰ ਭਲਾਈ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ ਭਾਟੀਆ ਵੱਲੋਂ ਸੁਤੰਤਰਤਾ ਸੰਗਰਾਮੀਆ ਦੇ ਪਰਿਵਾਰਾਂ ਨਾਲ ਸਬੰਧਤ ਮੰਗਾਂ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅੱਗੇ ਰੱਖੀਆਂ ਗਈਆਂ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਤੁਸੀਂ ਮੈਨੂੰ ਇਹ ਮੰਗਾਂ ਲਿਖਤੀ ਰੂਪ ਵਿੱਚ ਦੇ ਦਿਓ। ਮੈਂ ਇਹ ਮੰਗਾਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾ ਦੇਵਾਂਗਾ।
ਇਸ ਮੌਕੇ ਮਹਾਕਾਲ ਬਲੱਡ ਸੇਵਾ ਅਤੇ ਹਿਊਮਨ ਵੈਲਫੇਅਰ ਬਲੱਡ ਡੋਨਰ ਐਸੋਸੀਏਸ਼ਨ ਵੱਲੋਂ ਸਿਵਲ ਹਸਪਤਾਲ ਖੰਨਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਸੁਤੰਤਰਤਾ ਸੰਗਰਾਮੀ ਅਤੇ ਪਰਿਵਾਰ ਭਲਾਈ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ ਭਾਟੀਆ, ਕੌਂਸਲਰ ਪਰਮਪ੍ਰੀਤ ਸਿੰਘ,ਕੌਂਸਲਰ ਸੁਖਮਨਜੀਤ ਸਿੰਘ, ਸੁਰਿੰਦਰ ਬਾਵਾ, ਸਾਬਕਾ ਕੌਂਸਲਰ ਰਜਿੰਦਰ ਸਿੰਘ ਜੀਤ, ਆਮ ਆਦਮੀ ਪਾਰਟੀ ਹਲਕਾ ਖੰਨਾ ਦੇ ਯੂਥ ਪ੍ਰਧਾਨ ਗੁਰਸੀਰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹਿਮ ਸ਼ਖ਼ਸੀਅਤਾਂ ਵੀ ਮੌਜੂਦ ਸਨ।
Powered by Froala Editor
Cabinet-Minister-Tarunpreet-Singh-Sond-