— ਡੀਜੀਪੀ ਗੌਰਵ ਯਾਦਵ ਨੇ ਪਠਾਨਕੋਟ ਵਿੱਚ ਪੁਲਿਸ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਪ੍ਰਾਜੈਕਟਾਂ ਸਮੇਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਕੀਤਾ ਉਦਘਾਟਨ
— ਡੀਜੀਪੀ ਨੇ ਪੰਜਾਬ ਪੁਲਿਸ, ਫੌਜ ਅਤੇ ਬੀਐਸਐਫ ਦੀ ਸਾਂਝੀ ਮੀਟਿੰਗ ਦੀ ਕੀਤੀ ਪ੍ਰਧਾਨਗੀ; ਅੱਤਵਾਦੀ-ਗੈਂਗਸਟਰ-ਤਸਕਰਾਂ ਦੇ ਗਠਜੋੜ ਨੂੰ ਤੋੜਨ ਲਈ ਸਾਂਝੀ ਕਾਰਵਾਈ ਕਰਨ ਲਈ ਕਿਹਾ
— ਡੀਜੀਪੀ ਨੇ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਬਿਹਤਰ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸਾ ਡਿਸਕ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਕੀਤਾ ਸਨਮਾਨਿਤ
— ਡੀਜੀਪੀ ਗੌਰਵ ਯਾਦਵ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭਾਰਤ-ਪਾਕਿ ਸਰਹੱਦ 'ਤੇ ਸਥਿਤ ਕਮਲਜੀਤ ਸਿੰਘ ਬੀਓਪੀ ਦਾ ਵੀ ਕੀਤਾ ਦੌਰਾ
ਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਨਿਗਰਾਨੀ ਵਿੱਚ ਹੋਰ ਵਾਧਾ ਕਰਨ ਦੇ ਉਦੇਸ਼ ਨਾਲ, ਪੰਜਾਬ ਪੁਲਿਸ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਫੈਲੇ ਸਰਹੱਦੀ ਖੇਤਰਾਂ ਵਿੱਚ 703 ਰਣਨੀਤਕ ਸਥਾਨਾਂ 'ਤੇ 2300 ਕਲੋਜ਼ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰੇ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਅਸੀਂ ਪਠਾਨਕੋਟ ਤੋਂ ਫਾਜ਼ਿਲਕਾ ਤੱਕ 703 ਰਣਨੀਤਕ ਸਥਾਨਾਂ 'ਤੇ 45 ਕਰੋੜ ਰੁਪਏ ਦੀ ਲਾਗਤ ਨਾਲ 2300 ਸੀਸੀਟੀਵੀ ਕੈਮਰੇ ਲਗਾ ਕੇ ਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ।
ਡੀਜੀਪੀ ਅੱਜ ਪਠਾਨਕੋਟ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਡਿਵੀਜ਼ਨ-1 ਦੀ ਦੂਜੀ ਮੰਜ਼ਿਲ 'ਤੇ ਸਥਿਤ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਉਦਘਾਟਨ ਸਮੇਤ ਜ਼ਿਲ੍ਹੇ ਵਿੱਚ ਪੁਲਿਸ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਆਏ ਸਨ।
ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਸਹੂਲਤ ਗੁੰਝਲਦਾਰ ਸਾਈਬਰ ਅਪਰਾਧਾਂ ਨਾਲ ਨਜਿੱਠਣ ਅਤੇ ਆਨਲਾਈਨ ਧੋਖਾਧੜੀ ਦੇ ਪੀੜਤਾਂ ਨੂੰ ਤਰੁੰਤ ਅਤੇ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਉੱਨਤ ਤਕਨਾਲੋਜੀ ਨਾਲ ਲੈਸ ਹੈ। ਉਨ੍ਹਾਂ ਅੱਗੇ ਕਿਹਾ ਕਿ ਨਾਗਰਿਕ ਸਿੱਧੇ ਪੁਲਿਸ ਸਟੇਸ਼ਨ ਜਾਂ ਟੋਲ-ਫ੍ਰੀ ਹੈਲਪਲਾਈਨ ਨੰਬਰ 1930 'ਤੇ ਸਾਈਬਰ ਅਪਰਾਧਾਂ ਦੀ ਰਿਪੋਰਟ ਕਰ ਸਕਦੇ ਹਨ।
ਡੀਜੀਪੀ ਗੌਰਵ ਯਾਦਵ ਨੇ ਨਵੀਨੀਕਰਨ ਕੀਤੇ ਪੁਲਿਸ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਵੀ ਉਦਘਾਟਨ ਕੀਤਾ ਜਿਸਦਾ ਉਦੇਸ਼ ਪੂਰੇ ਪਠਾਨਕੋਟ ਵਿੱਚ ਆਉਣ-ਜਾਣ ਵਾਲੇ ਸਾਰੇ ਸਥਾਨਾਂ 'ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖ ਕੇ ਸਰਹੱਦੀ ਜ਼ਿਲ੍ਹੇ ਵਿੱਚ ਸੁਰੱਖਿਆ ਨੂੰ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ 344 ਐਚਡੀ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਆਟੋ ਨੰਬਰ ਪਲੇਟ ਰੀਡਰ (ਏਐਨਪੀਆਰ) ਕੈਮਰੇ ਸ਼ਾਮਲ ਹਨ ਅਤੇ ਰੱਖਿਆ ਦੀ ਦੂਜੀ ਕਤਾਰ, ਪੇਂਡੂ ਖੇਤਰਾਂ ਅਤੇ ਪੂਰੇ ਪਠਾਨਕੋਟ ਸ਼ਹਿਰ ਸਮੇਤ ਪ੍ਰਮੁੱਖ ਖੇਤਰਾਂ ਦੀ ਲਾਈਵ ਕਵਰੇਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ 357 ਹੋਰ ਕੈਮਰੇ ਲਗਾਏ ਜਾ ਰਹੇ ਹਨ।
ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸਟੇਸ਼ਨ ਨਰੋਟ ਜੈਮਲ ਸਿੰਘ ਵਿਖੇ ਪੰਜਾਬ ਪੁਲਿਸ, ਭਾਰਤੀ ਫੌਜ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ।
ਡਰੋਨ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਉੱਚ ਪੱਧਰੀ ਤਾਲਮੇਲ ਅਤੇ ਯਤਨਾਂ ਵਾਸਤੇ ਪਠਾਨਕੋਟ ਪੁਲਿਸ ਦੀ ਸ਼ਲਾਘਾ ਕਰਦਿਆਂ, ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ, ਫੌਜ, ਬੀਐਸਐਫ ਅਤੇ ਕੇਂਦਰੀ ਏਜੰਸੀਆਂ ਨੂੰ ਪਾਕਿ-ਆਈਐਸਆਈ ਦੇ ਆਦੇਸ਼ਾਂ 'ਤੇ ਕੰਮ ਕਰਨ ਵਾਲੇ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਤੋੜਨ ਲਈ ਇੱਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਸਾਂਝੀ ਕਰਨਾ ਬੇਹੱਦ ਜ਼ਰੂਰੀ ਹੈ, ਅਤੇ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਲਈ ਏਜੰਸੀਆਂ ਦਰਮਿਆਨ ਤਾਲਮੇਲ ਸਮੇਂ ਦੀ ਲੋੜ ਹੈ।
ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਡਿਊਟੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਵਾਸਤੇ ਡੀਜੀਪੀ ਪ੍ਰਸ਼ੰਸਾ ਡਿਸਕ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ।
ਡੀਜੀਪੀ ਨੇ ਪਠਾਨਕੋਟ ਪੁਲਿਸ ਵੱਲੋਂ ਆਯੋਜਿਤ 'ਵੱਡਾ ਖਾਣਾ' ਦੁਪਹਿਰ ਦੇ ਖਾਣੇ ਵਿੱਚ ਖਾਣਾ ਖਾਧਾ। ਇਸ ਦੌਰਾਨ ਸਾਰੇ ਰੈਂਕ ਦੇ ਅਧਿਕਾਰੀਆਂ ਨੂੰ ਪੁਲਿਸ ਬਲ ਦੇ ਮੁਖੀ ਨਾਲ ਗੱਲਬਾਤ ਕਰਨ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਿਆ ਜਿਸ ਨਾਲ ਖੇਤਰ ਵਿੱਚ ਪ੍ਰਭਾਵਸ਼ਾਲੀ ਟੀਮ ਵਰਕ ਲਈ ਜ਼ਰੂਰੀ ਸਬੰਧ ਮਜ਼ਬੂਤ ਹੋਏ।
ਬਾਅਦ ਵਿੱਚ, ਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭਾਰਤ-ਪਾਕਿ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਬੀਐਸਐਫ ਦੀ ਸ਼ਹੀਦ ਕਮਲਜੀਤ ਸਿੰਘ ਬਾਰਡਰ ਆਊਟਪੋਸਟ (ਬੀਓਪੀ) ਦਾ ਵੀ ਦੌਰਾ ਕੀਤਾ ਅਤੇ ਉੱਥੇ ਤਾਇਨਾਤ ਸੁਰੱਖਿਆ ਬਲਾਂ ਨਾਲ ਗੱਲਬਾਤ ਕੀਤੀ।
Powered by Froala Editor
Punjab-Police-To-Install-2300-Cctv-Cameras-At-703-Strategic-Locations-In-All-Border-Districts
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)