ਪ੍ਰਵਾਸੀ ਪੰਜਾਬੀ ਭਾਈਚਾਰੇ ਦੀਆਂ ਚਿੰਤਾਵਾਂ ਅਤੇ ਸਰੋਕਾਰ ਸਾਡੇ ਆਪਣੇ ਹਨ : ਇਕਬਾਲ ਸਿੰਘ ਲਾਲਪੁਰਾ।
ਕੈਨੇਡਾ ਤੋਂ ਪ੍ਰੋ: ਕੁਲਵਿੰਦਰ ਸਿੰਘ ਛੀਨਾ ਵੱਲੋਂ ਪ੍ਰੋ: ਸਰਚਾਂਦ ਸਿੰਘ ਰਾਹੀਂ ਸ: ਲਾਲਪੁਰਾ ਨੂੰ ਮੰਗ ਪੱਤਰ ਅਤੇ ਮਤੇ ਸੌਪੇ ਗਏ।
ਨਵੀਂ ਦਿੱਲੀ / ਅੰਮ੍ਰਿਤਸਰ 18 ਮਾਰਚ ( ) ਕੈਨੇਡਾ ਦਾ ਪ੍ਰਵਾਸੀ ਪੰਜਾਬੀ ਭਾਈਚਾਰਾ ਅੰਮ੍ਰਿਤਸਰ ਤੋਂ ਕੈਨੇਡਾ ਲਈ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਕਰਨ ਲਈ ਜ਼ੋਰ ਦੇ ਰਿਹਾ ਹੈ। ਇਸ ਬਾਰੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੂੰ ਕੈਨੇਡਾ ਦੇ ਪ੍ਰਵਾਸੀ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੀਆਂ ਤਿੰਨ ਦਰਜਨ ਦੇ ਕਰੀਬ ਸਭਾ ਸੁਸਾਇਟੀਆਂ, ਗੁਰਦੁਆਰਾ ਅਤੇ ਮੰਦਰ ਕਮੇਟੀਆਂ ਵੱਲੋਂ ਅਪੀਲਾਂ ਕੀਤੀਆਂ ਗਈਆਂ ਹਨ। ਕੈਨੇਡਾ ਦੇ ਮੀਡੀਆ ਸ਼ਖ਼ਸੀਅਤ ਅਤੇ ਸਮਾਜ ਸੇਵਕ ਪ੍ਰੋ: ਕੁਲਵਿੰਦਰ ਸਿੰਘ ਛੀਨਾ ਦੇ ਉੱਦਮ ਨਾਲ ਉਕਤ ਸਰੋਕਾਰ ਸੰਬੰਧੀ ਮੰਗਾਂ ਅਤੇ ਮਤਿਆਂ ਨੂੰ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵੱਲੋਂ ਸ: ਲਾਲਪੁਰਾ ਨੂੰ ਸੌਂਪਿਆ ਗਿਆ ਅਤੇ ਅੰਮ੍ਰਿਤਸਰ ਤੋਂ ਕੈਨੇਡਾ ਲਈ ਏਅਰ ਇੰਡੀਆ ਦੀਆਂ ਉਡਾਣਾਂ ਦੀ ਸ਼ੁਰੂਆਤ ਲਈ ਵਕਾਲਤ ਅਤੇ ਢੁਕਵੀਂ ਚਾਰਾਜੋਈ ਕਰਨ ਦੀ ਉਨ੍ਹਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ। ਇਸ ਮੌਕੇ ਭਾਜਪਾ ਆਗੂ ਜਗਦੀਪ ਸਿੰਘ ਨਕਈ ਵੀ ਮੌਜੂਦ ਸਨ। ਪ੍ਰਵਾਸੀ ਪੰਜਾਬੀ ਭਾਈਚਾਰੇ ਨੇ ਹਾਲ ਹੀ ਵਿੱਚ ਇਟਾਲੀਅਨ ਨਿਓਸ ਏਅਰਲਾਈਨਜ਼ ਵੱਲੋਂ ਅੰਮ੍ਰਿਤਸਰ ਤੋਂ ਕੈਨੇਡਾ ਲਈ ਇੱਕ ਦਿਨ ਦੀ ਹਫ਼ਤਾਵਾਰੀ ਉਡਾਣ ਸ਼ੁਰੂ ਕਰਨ ਦੇ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ ਅਤੇ ਭਾਰਤ ਸਰਕਾਰ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਲਈ ਏਅਰ ਇੰਡੀਆ ਦੀਆਂ ਕੌਮਾਂਤਰੀ ਉਡਾਣਾਂ ਜਲਦ ਸ਼ੁਰੂ ਕਰਨ ਲਈ ਅਪੀਲ ਕੀਤੀ ਹੈ।
ਇਸ ਬਾਰੇ ਸ: ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਭਾਈਚਾਰੇ ਦੀਆਂ ਚਿੰਤਾਵਾਂ ਤੇ ਸਰੋਕਾਰਾਂ ਦਾ ਪੂਰਾ ਖਿਆਲਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇ ਸਮੂਹ ਪੰਜਾਬੀ ਭਾਈਚਾਰੇ ਦੀ ਇਸ ਚਿਰੋਕਣੀ ਮੰਗ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਿਆ ਸਿੰਧੀਆ ਕੋਲ ਮਾਮਲਾ ਉਠਾ ਚੁੱਕੇ ਹਨ, ਜਿਸ ’ਤੇ ਉੱਚ ਪੱਧਰ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਬਹੁਤ ਜਲਦ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਪ੍ਰਵਾਸੀ ਪੰਜਾਬੀ ਭਾਈਚਾਰੇ ਦੀਆਂ ਜਿਨ੍ਹਾਂ ਸਭਾ ਸੁਸਾਇਟੀਆਂ ਨੇ ਇਸ ਸਬੰਧੀ ਮੰਗ ਪੱਤਰ ਭੇਜਿਆ ਹੈ, ਉਨ੍ਹਾਂ ਵਿਚ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ, ਹਿੰਦੂ ਸਭਾ ਬਰੈਂਪਟਨ ਓਨਟਾਰੀਓ, ਵੈਦਿਕ ਹਿੰਦੂ ਕਲਚਰਲ ਸੁਸਾਇਟੀ ਬੀ.ਸੀ., ਮਾਤਾ ਗੁਜਰੀ ਜੀ ਸਿੱਖ ਟੈਂਪਲ ਈਸਟ ਗਰਾਫਰੈਕਸਾ ਓਨਟਾਰੀਓ, ਨਾਨਕਸਰ ਸਤਿਸੰਗ ਸਭਾ ਓਨਟਾਰੀਓ, ਸਾਧ ਸੰਗਤ ਬੋਰਡ ਨਾਨਕਸਰ ਸੁਸਾਇਟੀ ਇੰਕ. ਬਰੈਂਪਟਨ, ਸਾਂਝ ਪੰਜਾਬ ਰੇਡੀਉ ਟੀਵੀ ਇੰਕ. ਬਰੈਂਪਟਨ, ਖ਼ਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਵੈਨਕੂਵਰ ਬੀ.ਸੀ., ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ, ਸ੍ਰੀ ਗੁਰੂ ਰਵਿਦਾਸ ਸਭਾ ਬਰਨਬੀ, ਗੁਰਦੁਆਰਾ ਨਾਨਕ ਨਿਵਾਸ ਰਿਚਮੰਡ, ਖ਼ਾਲਸਾ ਦੀਵਾਨ ਸੋਸਾਇਟੀ ਯਾਰਕ ਸੈਂਟਰ ਸਰੀ, ਬੀਅਰ ਕਰੀਕ ਹਾਲ ਗੁਰਦੁਆਰਾ ਸਰੀ, ਗੁਰੂ ਗੋਬਿੰਦ ਸਿੰਘ ਟੈਂਪਲ ਪ੍ਰਿੰਸ ਜਾਰਜ, ਗੁਰੂ ਨਾਨਕ ਸਿੱਖ ਟੈਂਪਲ ਮੈਕੇਂਜੀ ਵਿਲੀਅਮਜ਼ ਲੇਕ, ਕੈਰੀਬੂ ਗੁਰਸਿੱਖ ਟੈਂਪਲ, ਕੁਏਸਨੇਲ, ਵੈਨਕੂਵਰ ਆਈਸਲੈਂਡ ਸਿੱਖ ਕਲਚਰਲ ਸੋਸਾਇਟੀ ਸ਼ੇਰਮਨ ਰੋਡ ਡੰਕਨ, ਓਕਾਨਾਗਨ ਸਿੱਖ ਟੈਂਪਲ ਰਟਲੈਂਡ ਆਰ.ਡੀ. ਕੇਲੋਨਾ, ਮਿਸ਼ਨ ਸਿੱਖ ਟੈਂਪਲ ਰਾਏ ਐਵਿਨਿਊ ਮਿਸ਼ਨ, ਗੁਰਦੁਆਰਾ ਸਾਹਿਬ-ਮੀਰੀ-ਪੀਰੀ ਖ਼ਾਲਸਾ ਦਰਬਾਰ ਵਾਲਸ਼ ਐਵਿਨਿਊ ਟੈਰੇਸ, ਖ਼ਾਲਸਾ ਦੀਵਾਨ ਸੁਸਾਇਟੀ ਸਿੱਖ ਟੈਂਪਲ ਟੋਪਾਜ਼ ਐਵਿਨਿਊ ਵਿਕਟੋਰੀਆ, ਖ਼ਾਲਸਾ ਦੀਵਾਨ ਸੋਸਾਇਟੀ ਨਨੈਮੋ, ਗੁਰੂ ਨਾਨਕ ਸਿੱਖ ਸੋਸਾਇਟੀ ਪਾਈਨਕ੍ਰੈਸਟ ਆਰ.ਡੀ. ਕੈਂਪਬੈਲ ਰਿਵਰ, ਸਿੱਖ ਟੈਂਪਲ ਸਕੁਏਮਿਸ਼, ਸਿੱਖ ਕਲਚਰਲ ਸੋਸਾਇਟੀ ਕੈਂਬਰਿਜ ਕਰੇ ਸੈਂਟ ਕਾਮਲੂਪਸ, ਮੈਰਿਟ ਸਿੱਖ ਟੈਂਪਲ ਚੈਪਮੈਨ ਸਟ੍ਰੀਟ ਮੈਰਿਟ, ਅਲਬਰਨੀ ਵੈਲੀ ਗੁਰਦੁਆਰਾ ਸੁਸਾਇਟੀ ਮੌਂਟਰੋਜ਼ ਸਟ੍ਰੀਟ ਪੋਰਟ ਅਲਬਰਨੀ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸਰੀ ਅਤੇ ਓਨਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਓਨਟਾਰੀਓ ਆਦਿ ਸ਼ਾਮਿਲ ਹਨ।
ਇਸ ਦੌਰਾਨ ਪ੍ਰੋ: ਕੁਲਵਿੰਦਰ ਸਿੰਘ ਛੀਨਾ ਅਤੇ ਪ੍ਰੋ: ਸਰਚਾਂਦ ਸਿੰਘ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਦਿੱਲੀ ਦੇ ਨਜ਼ਦੀਕ ਪੰਜਾਬ ਦੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡਿਆਂ ਤੋਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਇਸ ਮੰਤਵ ਲਈ ਕੇਂਦਰ ਸਰਕਾਰ ਕੋਲ ਢੁਕਵੀਂ ਪੈਰਵਾਈ ਨਾ ਕਰਨ ਦੀ ਸਖ਼ਤ ਆਲੋਚਨਾ ਕੀਤੀ । ਉਨ੍ਹਾਂ ਕੈਨੇਡਾ ਸਰਕਾਰ ਵੱਲੋਂ ਭਾਰਤ ਨਾਲ ਕੀਤੇ ਗਏ ਹਵਾਈ ਆਵਾਜਾਈ ਸਮਝੌਤੇ ’ਚ ਪੰਜਾਬ ਨੂੰ ਬਾਹਰ ਰੱਖੇ ਜਾਣ ’ਤੇ ਵੀ ਅਫ਼ਸੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਕੈਨੇਡਾ ਦੇ ਪੰਜਾਬੀ ਸਾਂਸਦ ਮੈਂਬਰ ਡਾਇਸਪੋਰਾ ਪੰਜਾਬੀ ਭਾਈਚਾਰੇ ਦੀਆਂ ਉਮੀਦਾਂ ’ਤੇ ਖਰੇ ਨਹੀਂ ਉੱਤਰੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚਲਾਈਆਂ ਜਾ ਰਹੀਆਂ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਉਡਾਣਾਂ ਵਿੱਚ ਸਭ ਤੋਂ ਵੱਧ ਯਾਤਰੀ ਪੰਜਾਬ ਤੋਂ ਆਉਂਦੇ ਹਨ। ਕੈਨੇਡਾ ਅਤੇ ਪੰਜਾਬ ਦਰਮਿਆਨ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਯਾਤਰੀਆਂ ਨੂੰ ਵਾਧੂ ਪੈਸੇ, ਸਮਾਂ ਅਤੇ ਵੱਡੀ ਅਸੁਵਿਧਾ ਤੋਂ ਇਲਾਵਾ ਸੜਕ ਹਾਦਸਿਆਂ ਦੇ ਸ਼ਿਕਾਰ ਹੋਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਧਾਰਮਿਕ ਅਤੇ ਵਿਰਸੇ ਪੱਖੋਂ ਅਹਿਮ ਸ਼ਹਿਰ ਹੈ, ਸ੍ਰੀ ਦਰਬਾਰ ਸਾਹਿਬ, ਜੱਲਿਆਂਵਾਲਾ ਬਾਗ, ਮਹਾਂਰਿਸ਼ੀ ਬਾਲਮੀਕ ਜੀ ਦੀ ਤਪੋ ਭੂਮੀ ਸ੍ਰੀ ਰਾਮ ਤੀਰਥ ਅਤੇ ਵਾਹਗੇ ਦੀ ਕੌਮਾਂਤਰੀ ਸਰਹੱਦ ਉੱਤੇ ਹੁੰਦੇ ਪਰੇਡ ਪੰਜਾਬੀਆਂ ਲਈ ਹੀ ਨਹੀਂ ਸਗੋਂ ਦੁਨੀਆ ਦੇ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ’ਚ ਸੈਲਾਨੀਆਂ ਦੀ ਰੋਜ਼ਾਨਾ ਕਰੀਬ ਡੇਢ ਤੋਂ ਦੋ ਲੱਖ ਦੀ ਆਮਦ ਕਾਰਨ ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਫ਼ੈਸਲੇ ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਵਿਚ ਭਾਰਤ ਪ੍ਰਤੀ ਰਵਈਏ ਵਿਚ ਵਿਲੱਖਣ ਤਬਦੀਲੀ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਪ੍ਰੋ: ਸਰਚਾਂਦ ਸਿੰਘ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਰਗੋ ਉਡਾਣਾਂ ਦੀ ਆਵਾਜਾਈ ਵਧਾਉਣ ਦੀ ਵਕਾਲਤ ਵੀ ਕੀਤੀ । ਉਨ੍ਹਾਂ ਕਿਹਾ ਕਿ ਕਾਰਗੋ ਉਡਾਣਾਂ ਦੇ ਵਾਧੇ ਨਾਲ ਖੇਤੀ ਉਦਯੋਗ ਮਜ਼ਬੂਤ ਹੋਵੇਗਾ। ਪੰਜਾਬ ਅਤੇ ਖ਼ਾਸਕਰ ਕੇ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਫ਼ਾਇਦਾ ਮਿਲੇਗਾ। ਕਿਸਾਨ ਫਲ ਅਤੇ ਸਬਜ਼ੀਆਂ ਦੁਬਈ ਸਿੰਘਾਪੁਰ ਸਮੇਤ ਵਿਦੇਸ਼ਾਂ ਵਿਚ ਵੇਚ ਸਕਣਗੇ।
ਤਸਵੀਰ ਕੈਪਸ਼ਨ - ਪ੍ਰਵਾਸੀ ਪੰਜਾਬੀ ਭਾਈਚਾਰੇ ਦੀ ਤਰਫ਼ੋਂ ਸ: ਇਕਬਾਲ ਸਿੰਘ ਲਾਲਪੁਰਾ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ: ਸਰਚਾਂਦ ਸਿੰਘ, ਜਗਦੀਪ ਸਿੰਘ ਨਕਈ ਤੇ ਹੋਰ।
Canada-Punabi-Nri-Seek-Air-India-Flights-Amritsar-To-Canada-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)