- 13 ਫਰਵਰੀ ਤੋਂ 16 ਫਰਵਰੀ ਤੱਕ ਕਰਵਾਇਆ ਜਾ ਰਿਹੈ ਪਟਿਆਲਾ ਵਿਰਾਸਤੀ ਮੇਲਾ** ਚੰਡੀਗੜ੍ਹ, 11 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਸਾਂਭ-ਸੰਭਾਲ ਦੇ ਖੇਤਰ ਵਿੱਚ ਸ਼ਾਨਦਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸਾਲ 2024 ਵਿੱਚ ਸੂਬਾ ਸਰਕਾਰ ਵੱਲੋਂ ਇਤਿਹਾਸਕ ਅਤੇ ਸੱਭਿਆਚਾਰਕ ਸਮਾਰਕਾਂ ਦੇ ਸੁਰਜੀਤੀਕਰਨ, ਆਧੁਨਿਕੀਕਰਨ ਅਤੇ ਸਾਂਭ-ਸੰਭਾਲ ਲਈ ਲਗਭਗ 73 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਮਹੱਤਵਪੂਰਨ ਨਿਵੇਸ਼ ਸਦਕਾ ਮੁੱਖ ਵਿਰਾਸਤੀ ਸਥਾਨਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਵੱਖ-ਵੱਖ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਸੌਂਦ ਨੇ ਦੱਸਿਆ ਕਿ ਸਾਲ 2025 ਦੇ ਸ਼ੁਰੂ ਹੁੰਦਿਆਂ ਹੀ ਪੰਜਾਬ ਆਪਣੇ ਮੇਲੇ ਅਤੇ ਤਿਉਹਾਰਾਂ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਤਿਆਰ-ਬਰ-ਤਿਆਰ ਹੈ ਜਿਸ ਨਾਲ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ। ਸਾਲ ਦੀ ਸ਼ੁਰੂਆਤ ਫਿਰੋਜ਼ਪੁਰ ਵਿਖੇ ਬਸੰਤ ਮੇਲੇ ਅਤੇ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਵਰਗੇ ਸਮਾਗਮਾਂ ਨਾਲ ਹੋਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ, 13 ਫਰਵਰੀ ਤੋਂ 16 ਫਰਵਰੀ ਤੱਕ ਕਰਵਾਇਆ ਜਾ ਰਿਹਾ ਪਟਿਆਲਾ ਵਿਰਾਸਤੀ ਮੇਲਾ ਇਹਨਾਂ ਤਿਉਹਾਰਾਂ ਦੇ ਉਤਸ਼ਾਹ ਵਿੱਚ ਹੋਰ ਵਾਧਾ ਕਰੇਗਾ। ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਵੱਲੋਂ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਹੈਰੀਟੇਜ ਵਾਕ, ਫੂਡ ਫੈਸਟੀਵਲ, ਸੰਗੀਤਕ ਸ਼ਾਮ, ਏਅਰੋ ਸ਼ੋਅ, ਨੇਚਰ ਵਾਕ, ਫੁੱਲਾਂ ਦੀ ਪ੍ਰਦਰਸ਼ਨੀ ਅਤੇ ਫੈਸ਼ਨ ਵਾਕ ਸਮੇਤ ਵੱਖ-ਵੱਖ ਦਿਲਕਸ਼ ਪ੍ਰੋਗਰਾਮ ਕਰਵਾਏ ਜਾਣਗੇ। ਇਹ ਸਮਾਗਮ ਨਾ ਸਿਰਫ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰਨਗੇ ਬਲਕਿ ਸੂਬੇ ਨੂੰ ਸੈਰ-ਸਪਾਟੇ ਦੇ ਮੋਹਰੀ ਸਥਾਨ ਵਜੋਂ ਵੀ ਸਥਾਪਿਤ ਕਰਨਗੇ। ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸੈਰ-ਸਪਾਟਾ ਦੇ ਪ੍ਰਮੁੱਖ ਕੇਂਦਰ ਵਜੋਂ ਆਪਣੀ ਸ਼ਾਨ ਮੁੜ ਬਹਾਲ ਕਰ ਰਿਹਾ ਹੈ। ਵਿਰਾਸਤਾਂ ਦੇ ਪੁਨਰ ਸੁਰਜੀਤੀਕਰਨ ਅਤੇ ਸੈਰ-ਸਪਾਟਾ ਵਿਸਥਾਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਸਦਕਾ ਕਈ ਪਰਿਵਰਤਨਸ਼ੀਲ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜੋ ਪੰਜਾਬ ਦੇ ਮਹਾਨ ਇਤਿਹਾਸ, ਜੀਵੰਤ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਹਨ। ਸਾਲ 2024 ਵਿੱਚ ਕੀਤੇ ਲਗਭਗ 73 ਕਰੋੜ ਰੁਪਏ ਦੇ ਨਿਵੇਸ਼ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ ਜਿਸ ਨੇ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਜਾਇਬ ਘਰ ਅਤੇ ਫਿਰੋਜ਼ਪੁਰ ਵਿੱਚ ਸਾਰਾਗੜ੍ਹੀ ਅਜਾਇਬ ਘਰ ਵਰਗੇ ਇਤਿਹਾਸਕ ਸਥਾਨਾਂ ਵਿੱਚ ਨਵੀਂ ਜਾਨ ਫੂਕ ਦਿੱਤੀ ਹੈ। ਇਸ ਦੇ ਨਾਲ ਹੀ ਖੰਨਾ ਵਿੱਚ ਸਰਾਏ ਲਸ਼ਕਰੀ ਖਾਨ ਦਾ ਵੀ ਵਿਆਪਕ ਨਵੀਨੀਕਰਨ ਕੀਤਾ ਗਿਆ ਹੈ। ਪੰਜਾਬ ਦੀ ਸੱਭਿਆਚਾਰਕ ਸ਼ਾਨ ਵਿੱਚ ਵਾਧਾ ਕਰਦਿਆਂ ਭਗਵਾਨ ਵਾਲਮੀਕਿ ਜੀ ਪੈਨੋਰਮਾ ਦਾ ਉਦਘਾਟਨ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ, ਜਦੋਂਕਿ ਅੰਮ੍ਰਿਤਸਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਵਿੱਚ ਸਥਾਈ ਲਾਈਟ ਐਂਡ ਸਾਊਂਡ ਸ਼ੋਅ ਰੰਗਲਾ ਪੰਜਾਬ ਫੈਸਟੀਵਲ ਦਾ ਇੱਕ ਸ਼ਾਨਦਾਰ ਆਕਰਸ਼ਣ ਬਣ ਗਿਆ। ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਵਿੱਚ ਦੀਵਾਨ ਟੋਡਰ ਮੱਲ ਦੇ ਇਤਿਹਾਸਕ ਨਿਵਾਸ ਸਥਾਨ, ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਅਤੇ ਮੁੜ ਬਹਾਲੀ ਸ਼ੁਰੂ ਕਰਕੇ ਸਿੱਖ ਵਿਰਾਸਤ ਨੂੰ ਸੰਭਾਲਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਵਿੱਚ ਕਾਫੀ ਮਹੱਤਤਾ ਰੱਖਦੇ ਹਨ ਅਤੇ ਉਨ੍ਹਾਂ ਦੀ ਵਿਰਾਸਤ ਦੀ ਰੱਖਿਆ ਕਰਨਾ ਸਾਡਾ ਸਮੂਹਿਕ ਫਰਜ਼ ਹੈ। ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸੱਭਿਆਚਾਰਕ ਅਤੇ ਪੇਂਡੂ ਸੈਰ-ਸਪਾਟਾ ਪ੍ਰਤੀ ਸਮਰਪਣ ਨੂੰ ਰਾਸ਼ਟਰੀ ਮੰਚ 'ਤੇ ਵੀ ਮਾਨਤਾ ਪ੍ਰਾਪਤ ਹੋਈ ਹੈ। ਸੂਬੇ ਦੇ ਯਤਨਾਂ ਸਦਕਾ ਗੁਰਦਾਸਪੁਰ ਦੇ ਨਵਾਂਪਿੰਡ ਸਰਦਾਰਾਂ ਨੂੰ ਭਾਰਤ ਦੇ ਸਰਬੋਤਮ ਸੈਰ-ਸਪਾਟਾ ਪਿੰਡ (2023) ਦਾ ਖਿਤਾਬ ਮਿਲਿਆ ਜਦੋਂ ਕਿ ਫਤਿਹਗੜ੍ਹ ਸਾਹਿਬ ਦੇ ਹੰਸਾਲੀ ਫਾਰਮਸਟੇ ਨੇ 2024 ਵਿੱਚ ਖੇਤੀਬਾੜੀ-ਸੈਰ-ਸਪਾਟਾ ਸ਼੍ਰੇਣੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਰਾਸਤਾਂ ਦੇ ਪੁਨਰ ਸੁਰਜੀਤੀਕਰਨ, ਸੱਭਿਆਚਾਰਕ ਜਸ਼ਨਾਂ ਅਤੇ ਆਧੁਨਿਕ ਸੈਰ-ਸਪਾਟਾ ਸਬੰਧੀ ਰਣਨੀਤੀਆਂ ਦੇ ਸੰਪੂਰਨ ਮਿਸ਼ਰਣ ਨਾਲ, ਪੰਜਾਬ ਕਥਾਵਾਂ, ਤਿਉਹਾਰਾਂ ਅਤੇ ਜੀਵੰਤ ਪਰੰਪਰਾਵਾਂ ਦੀ ਧਰਤੀ ਵਜੋਂ ਆਪਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। -----
Tourism-Takes-Center-Stage-In-Punjab-Sond
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)