ਕੈਨੇਡਾ ਦੇ ਦੌਰੇ ਤੇ ਗਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਜੀ ਜੀ ਐੱਨ ਖਾਲਸਾ ਕਾਲਿਜ ਤੇ ਹੋਰ ਸਬੰਧਤ ਸੰਸਥਾਵਾਂ ਦੇ ਪ੍ਰਧਾਨ ਡਾਃ ਸ ਪ ਸਿੰਘ
ਨਾਲ ਵੈਨਕੂਵਰ ਵਿਚਾਰ ਮੰਚ ਵੱਸੋਂ ਨਾਲ ਸੰਵਾਦ ਰਚਾਉਣ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਮੰਚ ਦੇ ਬੁਲਾਰੇ ਪੰਜਾਬੀ ਕਵੀ ਮੋਹਨ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਵਿਸ਼ਵ ਪ੍ਰਸਿੱਧ ਚਿਤਰਕਾਰ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੇ ਉਦੇਸ਼ ਸਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਵੈਨਕੂਵਰ ਵਿਚਾਰ ਮੰਚ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਖੇਤਰ ਦੇ ਕਲਾਕਾਰਾਂ, ਸਾਹਿਤਕਾਰਾਂ, ਪੱਤਰਕਾਰਾਂ, ਵਿਦਵਾਨਾਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਅਤੇ ਹਰ ਇਕ ਵਿਚਾਰਧਾਰਾ ਦਾ ਸਨਮਾਨ ਕਰਦਿਆਂ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ।
ਸੰਖੇਪ ਜਾਣ ਪਛਾਣ ਤੋਂ ਬਾਅਦ ਡਾ. ਸ .ਪ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤ, ਸਿੱਖਿਆ ਪ੍ਰਬੰਧ, ਸਰਕਾਰਾਂ ਵੱਲੋਂ ਯੂਨੀਵਰਸਿਟੀਆਂ, ਕਾਲਜਾਂ ਨੂੰ ਗਰਾਂਟਾਂ ਦੇਣ ਤੋਂ ਪਿੱਛੇ ਹਟਣਾ, ਪੰਜਾਬੀਆਂ ਵੱਲੋਂ ਹੱਥੀਂ ਕੰਮ ਕਰਨ ਨੂੰ ਮਿਹਣਾ ਸਮਝਣਾ, ਵਿਦੇਸ਼ੀਆਂ ਵੱਲੋਂ ਪੰਜਾਬ ਜਾ ਕੇ ਖੁੱਲ੍ਹੇ ਖਰਚ ਕਰਨੇ, ਵਾਤਾਵਰਣਕ ਸਮੱਸਿਆਵਾਂ, ਬਾਹਰਲੇ ਦੇਸ਼ਾਂ ਦੇ ਚੰਗੇਰੇ ਵਾਤਾਵਰਣ ਅਤੇ ਸਮਾਜਿਕ ਮਾਹੌਲ ਦੀ ਖਿੱਚ ਆਦਿ ਮਸਲਿਆਂ ਉੱਪਰ ਵਿਸ਼ੇਸ਼ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਸਭ ਕੁਝ ਹੋਣ ਦੇ ਬਾਵਜੂਦ ਪੰਜਾਬ ਫਿਰ ਵੀ ਮਾੜਾ ਨਹੀਂ ਸਗੋਂ ਚਿੰਤਾਜਨਕ ਤੱਥ ਇਹ ਹਨ ਕਿ ਪੰਜਾਬੀ ਚੁਣੌਤੀਆਂ ਨਾਲ ਨਜਿੱਠਣ ਦੀ ਬਜਾਏ ਮੌਕਿਆਂ ਦੀ ਤਲਾਸ਼ ਵਿਚ ਤਰਲੋਮੱਛੀ ਹੋ ਰਹੇ ਹਨ ਅਤੇ ਪੰਜਾਬ ਨੂੰ ਛੱਡ ਕੇ ਬਾਹਰ ਦਾ ਰੁਖ਼ ਅਪਨਾ ਰਹੇ ਹਨ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਭਾਰਤ ਦੇ ਦੂਜੇ ਰਾਜਾਂ ਤੋਂ ਪੰਜਾਬ ਵਿਚ ਆ ਰਿਹਾ ਮਜ਼ਦੂਰ ਵਰਗ ਸਭ ਚੁਣੌਤੀਆਂ ਨੂੰ ਕਬੂਲ ਕਰਦਾ ਹੋਇਆ ਪੰਜਾਬ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ਮਜ਼ਦੂਰੀ ਤੋਂ ਆਪਣਾ ਜੀਵਨ ਸ਼ੁਰੂ ਕਰਕੇ ਅੱਜ ਉਹ ਪੰਜਾਬ ਵਿਚ ਠੇਕੇਦਾਰ, ਬਿਜਨਸਮੈਨ ਅਤੇ ਕਾਰੋਬਾਰੀਏ ਬਣ ਗਏ ਹਨ। ਹਾਲਾਤ ਤਾਂ ਇੱਥੋਂ ਤੱਕ ਬਣ ਚੁੱਕੇ ਹਨ ਕਿ ਪੁਲਿਸ ਵਰਗੀਆਂ ਸਰਕਾਰੀ ਨੌਕਰੀਆਂ ਵਿਚ ਵੀ ਪੰਜਾਬੀ ਨੌਜਵਾਨਾਂ ਦੀ ਕੋਈ ਦਿਲਚਸਪੀ ਨਹੀਂ ਅਤੇ ਗ਼ੈਰ-ਪੰਜਾਬੀ ਲੋਕ ਪੁਲਿਸ ਭਰਤੀ ਲਈ ਅੱਗੇ ਆ ਰਹੇ ਹਨ। ਹੁਣ ਤਾਂ ਪੰਜਾਬੀ ਸਨਅਤਕਾਰਾਂ, ਅਮੀਰਾਂ ਅਤੇ ਸਰਦੇ ਪੁਜਦੇ ਲੋਕਾਂ ਵੱਲੋਂ ਵੀ ਵਿਦੇਸ਼ਾਂ ਵਿਚ ਆਪਣੇ ਕਾਰੋਬਾਰ ਅਤੇ ਪਰਿਵਾਰ ਸੈੱਟ ਕੀਤੇ ਜਾ ਰਹੇ ਹਨ।
ਇਕ ਸਵਾਲ ਦੇ ਜਵਾਬ ਵਿਚ ਡਾ. ਐਸ.ਪੀ. ਸਿੰਘ ਨੇ ਭਾਰਤ ਦੇ ਭਵਿੱਖ ਬਾਰੇ ਨਿਰਾਸ਼ਾ ਦਾ ਇਜ਼ਹਾਰ ਕਰਦਿਆਂ ਕਿ ਭਾਰਤ ਵਿਚ ਕੁਝ ਵੀ ਚੰਗਾ ਹੋਣ ਦੀ ਉਮੀਦ ਨਜ਼ਰ ਨਹੀਂ ਆ ਰਹੀ।
ਕਾਮਰੇਡ ਨਵਰੂਪ ਸਿੰਘ ਅਤੇ ਭੁਪਿੰਦਰ ਸਿੰਘ ਮੱਲ੍ਹੀ ਵੱਲੋਂ ਵਿਸ਼ੇਸ਼ ਕਰਕੇ ਸਿੱਖਿਆ ਦੇ ਖੇਤਰ ਵਿਚ ਆਏ ਨਿਘਾਰ ਬਾਰੇ ਸਵਾਲਾਂ ਆਪਣੀ ਜਗਿਆਸਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਮਹਿੰਦਰਪਾਲ ਸਿੰਘ ਪਾਲ, ਬਖਸ਼ਿੰਦਰ, ਨਵਲਪ੍ਰੀਤ ਰੰਗੀ, ਹਰਦਮ ਸਿੰਘ ਮਾਨ, ਡਾ. ਚਰਨਜੀਤ ਸਿੰਘ, ਅਮਨ ਸੀ. ਸਿੰਘ, ਬਿੰਦੂ ਮਠਾੜੂ, ਜਸਬੀਰ ਮਾਨ ਅਤੇ ਜੈਸ ਗਿੱਲ ਸ਼ਾਮਲ ਹੋਏ।
ਅੰਤ ਵਿਚ ਪ੍ਰਸਿੱਧ ਨਾਵਲਕਾਰ ਸਃ ਜਰਨੈਲ ਸਿੰਘ ਸੇਖਾ ਨੇ ਮੰਚ ਵੱਲੋਂ ਡਾ. ਸ ਪ ਸਿੰਘ ਅਤੇ ਹਾਜ਼ਰ ਲੇਖਕ ਦੋਸਤਾਂ ਦਾ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।
Sp-Singh-Ex-Vc-Gndu-Amritsar-President-Ggn-Khalsa-Coleege-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)