— ਪੰਜਾਬ ਦੇ ਸੂਚੀਬੱਧ ਹਸਪਤਾਲਾਂ ਵਿੱਚ ਕੀਤੀਆਂ ਗਈਆਂ ਇਹਨਾਂ ਜੀਵਨ ਰੱਖਿਅਕ ਪ੍ਰਕਿਰਿਆਵਾਂ 'ਤੇ ਲਗਭਗ 3.52 ਕਰੋੜ ਰੁਪਏ ਦੀ ਰਾਸ਼ੀ ਖਰਚ
— ਸੂਬੇ ਭਰ ਵਿੱਚ ਤਾਇਨਾਤ ਮੋਬਾਈਲ ਸਿਹਤ ਟੀਮਾਂ ਨਿਯਮਿਤ ਤੌਰ 'ਤੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀਆਂ ਦਾ ਦੌਰਾ ਕਰਕੇ ਬੱਚਿਆਂ ਦੀ ਜਾਂਚ ਕਰ ਰਹੀਆਂ ਹਨ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਸਭ ਤੋਂ ਛੋਟੇ ਉਮਰ ਦੇ ਨਾਗਰਿਕਾਂ ਦੀ ਸਿਹਤ ਦੀ ਰਾਖੀ ਅਤੇ ਉਨ੍ਹਾਂ ਦੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅਹਿਮ ਪਹਿਲਕਦਮੀ ਕਰਦਿਆਂ ਵਿੱਤੀ ਸਾਲ 2024-25 ਦੌਰਾਨ ਹੁਣ ਤੱਕ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ 341 ਬੱਚਿਆਂ ਦੇ ਮੁਫ਼ਤ ਸਫਲਤਾਪੂਰਵਕ ਦਿਲ ਦੇ ਆਪ੍ਰੇਸ਼ਨ ਕਰਵਾਏ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ।
ਜਾਣਕਾਰੀ ਮੁਤਾਬਕ, ਜਮਾਂਦਰੂ ਦਿਲ ਦੀ ਬਿਮਾਰੀ ਇੱਕ ਜਨਮ ਨੁਕਸ ਹੈ ਜੋ ਦਿਲ ਜਾਂ ਇਸਦੇ ਨਜਦੀਕੀ ਖੂਨ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਦੇ ਇਲਾਜ ਲਈ ਅਕਸਰ ਮਹਿੰਗੀਆਂ ਸਰਜਰੀਆਂ ਦੀ ਲੋੜ ਹੁੰਦੀ ਹੈ ਜੋ ਬਹੁਤ ਸਾਰੇ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ।
ਇਸ ਚੁਣੌਤੀ ਨੂੰ ਸਮਝਦਿਆਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਜਿਊਣ ਦਾ ਦੂਜਾ ਮੌਕਾ ਦਿੰਦੇ ਹੋਏ ਇਲਾਜ ਦੀ ਸਾਰੀ ਲਾਗਤ ਨੂੰ ਪੂਰਾ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। ਇਹ ਪਹਿਲਕਦਮੀ ਵਿਆਪਕ ਰਾਸ਼ਟਰੀ ਬਾਲ ਸਵਾਸਥ ਕਾਰਜਕਰਮ (ਆਰ.ਬੀ.ਐਸ.ਕੇ.) ਜੋ ਕਿ ਬੱਚਿਆਂ ਵਿੱਚ ਸਿਹਤ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਅਤੇ ਪ੍ਰਬੰਧਨ ਕਰਨ ਲਈ ਇੱਕ ਰਾਸ਼ਟਰੀ ਪ੍ਰੋਗਰਾਮ ਹੈ, ਦੇ ਹਿੱਸੇ ਵਜੋਂ ਕੀਤੀ ਗਈ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਵਿੱਤੀ ਸਾਲ 2024-25 (ਦਸੰਬਰ 2024 ਤੱਕ) ਦੌਰਾਨ, ਸਰਕਾਰ ਵੱਲੋਂ ਸੂਬੇ ਭਰ ਦੇ ਵੱਕਾਰੀ ਸੂਚੀਬੱਧ ਹਸਪਤਾਲਾਂ ਵਿੱਚ ਕੀਤੀਆਂ ਗਈਆਂ ਇਨ੍ਹਾਂ ਜੀਵਨ-ਰੱਖਿਅਕ ਪ੍ਰਕਿਰਿਆਵਾਂ 'ਤੇ 3.52 ਕਰੋੜ ਰੁਪਏ ਖਰਚ ਕੀਤੇ ਹਨ।
ਉਨ੍ਹਾਂ ਕਿਹਾ ਕਿ ਆਰ.ਬੀ.ਐਸ.ਕੇ. ਪ੍ਰੋਗਰਾਮ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਿਹਤ ਵਿਭਾਗ ਵੱਲੋਂ ਸੂਬੇ ਭਰ ਵਿੱਚ ਮੋਬਾਈਲ ਸਿਹਤ ਟੀਮਾਂ ਤਾਇਨਾਤ ਕੀਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਟੀਮ ਵਿੱਚ ਚਾਰ ਮੈਂਬਰ ਹੁੰਦੇ ਹਨ ਜਿਹਨਾਂ ਵਿੱਚ ਦੋ ਡਾਕਟਰ (ਇੱਕ ਪੁਰਸ਼ ਅਤੇ ਇੱਕ ਔਰਤ), ਇੱਕ ਨਰਸ, ਅਤੇ ਡਾਟਾ ਪ੍ਰਬੰਧਨ ਵਿੱਚ ਹੁਨਰਮੰਦ ਇੱਕ ਫਾਰਮਾਸਿਸਟ ਸ਼ਾਮਲ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਟੀਮਾਂ ਸਾਰੇ ਲੋੜੀਂਦੇ ਟੈਸਟਿੰਗ ਉਪਕਰਨਾਂ, ਦਵਾਈਆਂ ਅਤੇ ਵਾਹਨਾਂ ਨਾਲ ਲੈਸ ਹਨ, ਅਤੇ ਬੱਚਿਆਂ ਦੀ ਸਿਹਤ ਸੰਬੰਧੀ ਜਾਂਚ ਕਰਨ ਲਈ ਨਿਯਮਿਤ ਤੌਰ 'ਤੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀਆਂ ਦਾ ਦੌਰਾ ਕਰਦੀਆਂ ਹਨ।
ਇਸ ਪ੍ਰੋਗਰਾਮ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਸ ਤਹਿਤ ਹਰੇਕ ਬੱਚੇ ਲਈ ਇੱਕ ਹੈਲਥ ਕਾਰਡ ਤਿਆਰ ਕੀਤਾ ਜਾਂਦਾ ਹੈ, ਜੋ ਉਨ੍ਹਾਂ ਦੇ ਡਾਕਟਰੀ ਇਤਿਹਾਸ, ਵਾਧਾ ਅਤੇ ਵਿਕਾਸ ਨੂੰ ਟਰੈਕ ਕਰਦਾ ਹੈ। ਇਹ ਡਿਜੀਟਲ ਰਿਕਾਰਡ ਨਿਰੰਤਰ ਨਿਗਰਾਨੀ ਅਤੇ ਸਮੇਂ ਸਿਰ ਦਖਲ ਨੂੰ ਯਕੀਨੀ ਬਣਾਉਂਦਾ ਹੈ, ਜਿਸ ਨਾਲ ਬੱਚਿਆਂ ਦੀ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।
ਡਾ. ਬਲਬੀਰ ਸਿੰਘ ਨੇ ਸੂਬੇ ਭਰ ਵਿੱਚ ਸਿਹਤ ਸੰਭਾਲ ਦੀ ਨੁਹਾਰ ਬਦਲਣ ਪ੍ਰਤੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਹੁਰਾਇਆ। ਉਨ੍ਹਾਂ ਕਿਹਾ, "ਇਹ ਪਹਿਲਕਦਮੀ ਪੰਜਾਬ ਦੇ ਸਾਰੇ ਬੱਚਿਆਂ ਲਈ ਸਿਹਤਮੰਦ ਬਚਪਨ ਦੀ ਰੱਖਿਆ ਅਤੇ ਉਤਸ਼ਾਹਿਤ ਕਰਨ ਪ੍ਰਤੀ ਸਾਡੀ ਸਰਕਾਰ ਦੇ ਸਮਰਪਣ ਦਾ ਪ੍ਰਮਾਣ ਹੈ। ਅਸੀਂ ਆਪਣੇ ਸੂਬੇ ਨੂੰ ਸਿਹਤ ਸੰਭਾਲ ਉੱਤਮਤਾ ਲਈ ਇੱਕ ਮਾਡਲ ਬਣਾਉਣ ਲਈ ਵਚਨਬੱਧ ਹਾਂ, ਅਤੇ ਇਹ ਪ੍ਰਾਪਤੀ ਇਸ ਟੀਚੇ ਵੱਲ ਇੱਕ ਅਹਿਮ ਕਦਮ ਹੈ।"
-------------
Powered by Froala Editor
-Free-Heart-Surgeries-Under-Govt-Scheme-Children-In-Punjab-Empanelled-Hospitals-In-Punjab
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)