ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿਖੇ ਦੂਜਾ ਰਾਜ ਪੱਧਰੀ ਵਾਤਾਵਰਨ ਸੰਭਾਲ ਮੇਲਾ ਕਰਵਾਇਆ ਗਿਆ
Nov25,2022
| Balraj Khanna | Ludhiana
60 ਤੋਂ ਵੱਧ ਸਟਾਲਾਂ ਰਾਹੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ; ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ; ਵੱਖ-ਵੱਖ ਕੈਟਾਗਰੀ ਵਿੱਚ ਲੱਖਾਂ ਰੁਪਏ ਦੇ ਇਨਾਮ ਦਿੱਤੇ ਗਏ
ਵਾਤਾਵਰਨ ਦੀ ਸੰਭਾਲ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ, ਵਾਤਾਵਰਨ ਦੀ ਸੰਭਾਲ ਲਈ ਕੰਮ ਕਰਨ ਵਾਲੀ ਸੰਸਥਾ ‘ਸੋਚ’ ਵੱਲੋਂ ਦੂਜਾ ਰਾਜ ਪੱਧਰੀ ਵਾਤਾਵਰਨ ਸੰਭਾਲ ਮੇਲਾ-2022 ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਖੇ ਕਰਵਾਇਆ ਗਿਆ। ਮੇਲੇ ਵਿੱਚ ਚੈਰੀਟੇਬਲ, ਐਨਜੀਓ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਵੱਖ-ਵੱਖ ਮਾਡਲਾਂ ਦੇ ਨਾਲ 60 ਤੋਂ ਵੱਧ ਸਟਾਲ ਲਗਾਏ ਗਏ ਸਨ, ਜੋ ਵਾਤਾਵਰਨ ਸੰਭਾਲ ਲਈ ਪ੍ਰਤੀ ਪ੍ਰੇਰਿਤ ਕਰਦੇ ਸਨ। ਵੱਖ-ਵੱਖ ਕੈਟਾਗਰੀ ਵਿੱਚ ਲੱਖਾਂ ਰੁਪਏ ਦੇ ਇਨਾਮ ਦਿੱਤੇ ਗਏ।
ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ, ਜਿਨ੍ਹਾਂ ਵਿਚ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਮਲੇਰਕੋਟਲਾ ਦੀ ਐਸ.ਐਸ.ਪੀ ਉਲੰਪੀਅਨ ਅਵਨੀਤ ਕੌਰ , ਪ੍ਰਸਿੱਧ ਲੇਖਕ ਤੇ ਕਵੀ ਡਾ: ਸੁਰਜੀਤ ਪਾਤਰ, ਡਾ: ਮਨਜੀਤ ਸਿੰਘ ਕੰਗ ਸਾਬਕਾ ਵਾਈਸ ਚਾਂਸਲਰ ਪੀ.ਏ.ਯੂ, ਡਾ: ਅਸ਼ੋਕ ਕੁਮਾਰ ਡਾਇਰੈਕਟਰ ਐਕਸਟੈਂਸ਼ਨ ਪੀ.ਏ.ਯੂ, ਗੁਰਪ੍ਰੀਤ ਸਿੰਘ ਤੂਰ ਰਿਟਾਇਰਡ ਆਈ.ਪੀ.ਐਸ., ਸੰਤ ਬਾਬਾ ਗੁਰਮੀਤ ਸਿੰਘ ਜੀ, ਜੀ.ਐਨ.ਈ ਕਾਲਜ ਦੇ ਪਿ੍ੰਸੀਪਲ ਡਾ: ਸਹਿਜਪਾਲ ਸਿੰਘ ਨੇ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਿਨ੍ਹਾਂ ਨੇ ਸੰਸਥਾ ਵੱਲੋਂ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ।
ਸੰਸਥਾ ਦੇ ਮੁਖੀ ਡਾ: ਬਲਵਿੰਦਰ ਸਿੰਘ ਲੱਖੋਵਾਲੀ ਤੇ ਸਕੱਤਰ ਡਾ: ਬ੍ਰਿਜਮੋਹਨ ਭਾਰਦਵਾਜ ਨੇ ਦੱਸਿਆ ਕਿ ਇਹ ਮੇਲਾ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ (ਖੋਸਾ ਕਲੱਸਟਰ), ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, ਪੰਜਾਬ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰੈਸ ਐਸੋਸੀਏਸ਼ਨ, ਆਪਣੀ ਖੇਤੀ ਫਾਊਂਡੇਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਵਰਗਾਂ ਵਿੱਚ ਨਿਰਮਲ ਜਲ ਲਈ ਗ੍ਰਾਮ ਪੰਚਾਇਤ ਰੁੜਕਾ ਕਲਾਂ, ਬਹੁ-ਭਾਂਤੀ ਖੇਤੀ ਲਈ ਅਮਰਜੀਤ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫ਼ਰੀਦਕੋਟ, ਮੇਰੀ ਮਿੱਟੀ ਮੇਰਾ ਸੋਨਾ ਲਈ ਇਕਬਾਲ ਸਿੰਘ ਸੰਧੂ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ, ਰੁੱਖਾਂ ਦਾ ਰਾਖਾ ਲਈ ਸੰਦੀਪ ਅਰੋੜਾ ਫ਼ਰੀਦਕੋਟ, ਜੰਗਲੀ ਜੀਵ ਸੁਰੱਖਿਆ ਲਈ ਨਿਖਿਲ ਸੇਂਗਰ ਨੂੰ ਸਨਮਾਨਿਤ ਕੀਤਾ ਗਿਆ। ਫੋਟੋਗ੍ਰਾਫੀ ਦੇ ਖੇਤਰ ਵਿੱਚ ਪਹਿਲਾ ਇਨਾਮ ਰਾਜੇਸ਼ ਮਹਾਜਨ, ਦੂਜਾ ਹਰਦੀਪ ਸਿੰਘ ਅਤੇ ਤੀਜਾ ਅਰੁਣ ਬਾਂਸਲ ਨੂੰ ਦਿੱਤਾ ਗਿਆ। ਲਘੂ ਫ਼ਿਲਮ ਲਈ ਪਹਿਲਾ ਇਨਾਮ ਬਗੇਸ਼ਵਰ ਸਿੰਘ ਦੀ ਲਘੂ ਫ਼ਿਲਮ ਬੈਸਟ ਟੂਰਿਸਟ ਸਪਾਟ ਇਨ ਜਲੰਧਰ ਨੂੰ, ਦੂਜਾ ਇਨਾਮ ਖੁਸ਼ਬਿੰਦਰ ਸਿੰਘ ਦੀ ਇਨਵੈਸਿਵ ਪਲਾਂਟ ਸਪੀਸੀਜ਼ ਆਫ਼ ਪੰਜਾਬ ਅਤੇ ਤੀਜਾ ਇਨਾਮ ਚਰਨਜੀਵ ਸਿੰਘ ਦੀ ਲਘੂ ਫ਼ਿਲਮ ‘ਨੀਂਦ-ਮਾਤਾ ਧਰਤੀ ਮਹੱਤ’ ਨੂੰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸੰਸਥਾ ਦੀ ਮੌਜੂਦਾ ਵਾਤਾਵਰਨ ਸੰਭਾਲ ਦੀ ਦਿਸ਼ਾ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਜ਼ਿਲਾ ਪੱਧਰ 'ਤੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਜਿਸ ਦਾ ਮੁੱਖ ਕੰਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਾਤਾਵਰਨ ਦੇ ਮੁੱਦੇ 'ਤੇ ਕੰਮ ਕਰ ਰਹੀਆਂ ਸੰਸਥਾਵਾਂ ਜਾਂ ਵਿਅਕਤੀਆਂ ਨਾਲ ਤਾਲਮੇਲ ਕਰਨਾ ਅਤੇ ਸਮੇਂ-ਸਮੇਂ 'ਤੇ ਸੰਸਥਾ 'ਸੋਚ' ਵੱਲੋਂ ਕੀਤੇ ਜਾ ਰਹੇ ਕੰਮਾਂ ਵਿਚ ਯੋਗਦਾਨ ਪਾਉਣਾ ਹੋਵੇਗਾ |
ਇਸ ਦਿਸ਼ਾ ਵਿੱਚ ਮੇਲੇ ਦੌਰਾਨ ਲਗਾਏ ਗਏ ਵੱਖ-ਵੱਖ ਵਰਗਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਗਲ ਸਿਰਸਾ ਜ਼ਿਲ੍ਹਾ ਰੂਪਨਗਰ ਨੂੰ ਸਾਇੰਸ ਮਾਡਲ ਲਈ 10,000 ਰੁਪਏ ਦਾ ਪਹਿਲਾ ਇਨਾਮ ਦਿੱਤਾ ਗਿਆ। ਜਿਸ ਵਿੱਚ ਰੇਸ਼ਮਾ ਅਤੇ ਅਮਨਜੋਤ ਕੌਰ ਨੂੰ ਵਾਤਾਵਰਨ ਫਰੈਂਡਲੀ ਡਿਸਪੋਜ਼ਲ ਸਿਸਟਮ ਲਈ ਸਨਮਾਨਿਤ ਕੀਤਾ ਗਿਆ। 8600 ਰੁਪਏ ਦਾ ਦੂਜਾ ਇਨਾਮ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਿੱਤਾ ਗਿਆ। ਜਿਸ ਵਿੱਚ ਸੁਖਦੀਪ ਕੌਰ ਜਮਾਤ 9ਵੀਂ ਅਤੇ ਗੁਰਲੀਨ ਕੌਰ ਜਮਾਤ 8ਵੀਂ ਨੂੰ ਭੰਗ ਦੇ ਬੂਟੇ ਤੋਂ ਪੇਪਰ ਬਣਾਉਣ ਲਈ ਇਨਾਮ ਦਿੱਤੇ ਗਏ। 5000 ਰੁਪਏ ਦਾ ਤੀਜਾ ਇਨਾਮ ਸੁਖਮਨੀ ਜਮਾਤ 8ਵੀਂ, ਸਰਕਾਰੀ ਮਿਡਲ ਸਕੂਲ ਦੋਨਾ ਭਾਦੜੂ ਬਲਾਕ ਗੁਰੂਹਰਸਹਾਏ-2 ਨੂੰ ਵਾਤਾਵਰਨ ਸੰਵਾਦ ਲਈ ਇਨੋਵੇਟਿਵ ਯੰਤਰ ਹੇਠ ਦਿੱਤਾ ਗਿਆ।
ਇਸ ਮੌਕੇ ਪੀਏਯੂ, ਜੀਐਨਈ ਕਾਲਜ, ਪੀਪੀਸੀਬੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਪਣੀ ਖੇਤੀ, ਗੁਰੂ ਸਾਹਿਬ ਚੈਰੀਟੇਬਲ ਟਰੱਸਟ, ਐਨ ਜੀ ਓ ਅਤੇ ਕਮਪਣੀਆ ਵੱਲੋਂ ਵਾਤਾਵਰਨ ਨਾਲ ਸਬੰਧਤ 60 ਦੇ ਕਰੀਬ ਸਟਾਲ ਲਗਾਏ ਗਏ।
ਇਸ ਦੌਰਾਨ ਸੰਸਥਾ ਦੇ ਉਪ ਪ੍ਰਧਾਨ ਤਰਨ ਸਿੱਧੂ, ਇੰਜ. ਅਮਰਜੀਤ ਸਿੰਘ, ਖਜ਼ਾਨਚੀ ਵਿਕਾਸ ਸ਼ਰਮਾ, ਮੀਡੀਆ ਕੋਆਰਡੀਨੇਟਰ ਸਰਬਜੀਤ ਕੌਰ, ਪੰਜਾਬੀ ਫ਼ਿਲਮਾਂ ਦੇ ਕਲਾਕਾਰ ਮਲਕੀਤ ਰੌਣੀ, ਸਵਿੰਦਰ ਮਾਹਲ, ਭਾਰਤ ਭੂਸ਼ਣ ਵਰਮਾ, ਸੀਮਾ ਕੌਸ਼ਲ, ਰਾਜ ਧਾਲੀਵਾਲ, ਪੂਨਮ ਸੂਦ, ਪ੍ਰਕਾਸ਼ ਗਾਧੂ, ਪਰਮਜੀਤ ਭੰਗੂ, ਰਾਹੁਲ ਜੋਸ਼ੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਜਿੱਥੇ ਲੋਕ ਕਲਾਕਾਰਾਂ ਦੀ ਟੋਲੀ, ਰੰਗਲੇ ਸਰਦਾਰ ਨੇ ਪੰਜਾਬੀ ਲੋਕ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
Second-State-Level-Environment-Management-Fair-Organized-At-Guru-Nanak-Dev-Engineering-College