ਮੋਹਾਲੀ, 31 ਮਾਰਚ (ਗੁਰਵਿੰਦਰ ਸਿੰਘ) ਮੋਹਾਲੀ ਪੁਲਿਸ ਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੇ ਦੋਸ਼ ਵਿੱਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਉਸਦੇ ਸਾਥੀਆਂ ਦੀ ਭਾਲ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸ਼ਹਿਰੀ ਹਰਸਿਮਰਨ ਸਿੰਘ ਬੱਲ ਨੇ ਦਸਿਆ ਕਿ ਮਿਤੀ 2 ਫਰਵਰੀ ਨੂੰ ਐਸ ਆਈ ਸਤਨਾਮ ਸਿੰਘ, ਏ ਐਸ ਆਈ ਬਲਬੀਰ ਸਿੰਘ, ਹੋਲਦਾਰ ਸਾਹਿਬ ਸਿੰਘ ਅਤੇ ਹੋਲਵਾਰ ਗੁਰਵਿੰਦਰ ਸਿੰਘ ਦੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਸ਼ਾਮ ਦੇ ਸਮੇਂ ਮਿਉਂਸਪਲ ਹਾਈਟ ਸੈਕਟਰ 104 ਵਿਚ ਮੌਜੂਦ ਸਨ ਤਾਂ ਦੌਰਾਣੇ ਚੈਕਿੰਗ ਮੋਹਾਲੀ ਦੀ ਤਰਫੋਂ ਆਉਂਦੀ ਇਕ ਕਾਲੇ ਰੰਗ ਦੀ ਥਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਥਾਰ ਪੁਲਿਸ ਪਾਰਟੀ ਦੇ ਬਿਲਕੁਲ ਨੇੜੇ ਆ ਕੇ ਇਕ ਦਮ ਰੁਕੀ ਅਤੇ ਥਾਰ ਵਿਚ ਸਵਾਰ ਵਿਅਕਤੀ ਇਕਦਮ ਪੁਲਿਸ ਪਾਰਟੀ ਨਾਲ ਬਹਿਸ ਅਤੇ ਧੱੱਕਾਮੁਕੀ ਕਰਨ ਲੱਗੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ ਦਮ ਗੱਡੀ ਭਜਾ ਕੇ ਲੈ ਗਏ, ਜਦੋਂ ਉਹਨਾਂ ਦਾ ਪਿੱਛਾ ਕੀਤਾ ਤਾਂ ਥਾਰ ਦੀ ਕੰਡਕਟਰ ਸਾਈਡ ’ਤੇ ਬੈਠੇ ਵਿਅਕਤੀ ਨੇ ਪੁਲਿਸ ਪਾਰਟੀ ’ਤੇ ਫਾਇਰ ਕੀਤਾ ਤੇ ਆਪਣੀ ਗੱਡੀ ਭਜਾ ਕੇ ਲੈ ਗਏ। ਜਿਸ ’ਤੇ ਨਾਮਾਲੂਮ ਵਿਅਕਤੀਆਂ ਖਿਲਾਫ਼ ਆਈਪੀ ਸੀ ਦੀ ਧਾਰਾ 353, 186,506,307,34 ਅਤੇ ਅਸਲਾ ਐਕਟ ਦੀ ਧਾਰਾ 25,27,54,59 ਅਧੀਨ ਥਾਣਾ ਸੋਹਾਣਾ ਵਿਖੇ ਦਰਜ ਕੀਤਾ ਗਿਆ।
ਉਹਨਾਂ ਦਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਮੁਲਜਮਾਂ ਦਾ ਪਤਾ ਲਗਾ ਕੇ ਇਕ ਮੁਲਜਮ ਬਲਕਰਨ ਸਿੰਘ ਵਸਨੀਕ ਪਿੰਡ ਜੈਨਪੁਰ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਵਕੂਆ ਸਮੇਂ ਵਰਤੀ ਗਈ ਥਾਰ ਬਰਾਮਦ ਕੀਤੀ। ਪੁਲਿਸ ਵੱਲੋਂ ਉਸਦੇ ਸਾਥੀਆਂ ਦੀ ਭਾਲ ਜਾਰੀ ਹੈ, ਉਸਦੇ ਸਾਥੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।