ਜ਼ਿਲ੍ਹਾ ਮੋਗਾ ਦੇ ਇੱਕ ਸੈਲੂਨ ਮਾਲਕ ਦੁਆਰਾ ਮੁੱਖ ਅਫ਼ਸਰ ਥਾਣਾ ਸਿਟੀ ਸਾਊਥ ਮੋਗਾ ਪਾਸ ਆ ਕੇ ਆਪਣਾ ਬਿਆਨ ਲਿਖਵਾਇਆ ਕਿ ਉਸਦੇ ਮੋਬਾਇਲ ਨੰਬਰ ਤੇ 29 ਜਨਵਰੀ, 2023 ਨੂੰ ਵਿਦੇਸ਼ੀ ਨੰਬਰ +14058552306 ਤੋਂ ਵਟਸਐਪ ਰਾਹੀਂ ਕਾਲ ਆਈ ਸੀ, ਜਿਸ ਰਾਹੀਂ ਅਣਜਾਣ ਵਿਅਕਤੀ ਦੁਆਰਾ ਡੇਢ ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਜਾਨੀ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦਰਖਾਸਤ ਦੇਣ ਵਾਲੇ ਬਿਜਨਸਮੈਨ ਪਾਸੋਂ ਫੋਨ ਰਾਹੀਂ ਧਮਕੀਆ ਦੇ ਕੇ ਫਿਰੋਤੀ ਮੰਗਣ ਸਬੰਧੀ ਮੁਕੱਦਮਾ ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਸ੍ਰ. ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਐਸ.ਪੀ (ਇੰਨਵੈਸਟੀਗੇਸ਼ਨ) ਸ੍ਰੀ ਅਜੇ ਰਾਜ ਸਿੰਘ, ਡੀ.ਐਸ.ਪੀ ਸਿਟੀ ਮੋਗਾ ਗੁਰਸ਼ਰਨਜੀਤ ਸਿੰਘ, ਐਸ.ਆਈ ਅਮਨਦੀਪ ਕੰਬੋਜ ਮੁੱਖ ਅਫਸਰ ਥਾਣਾ ਸਿਟੀ ਸਾਊਥ ਮੋਗਾ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਦੇ ਹੋਏ ਅਤੇ ਸਾਈਬਰ ਸੈੱਲ ਦੀ ਮੱਦਦ ਨਾਲ ਵਿਦੇਸ਼ੀ ਨੰਬਰਾਂ ਰਾਹੀਂ ਧਮਕੀਆ ਦੇਣ ਵਾਲੇ ਦੋਸ਼ੀ ਗੁਰਵਿੰਦਰ ਸਿੰਘ ਗੁਰੀ ਪੁੱਤਰ ਤਰਸੇਮ ਸਿੰਘ ਵਾਸੀ ਕੋਟ ਮਹੁਮੰਦ ਖਾਂ ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਨੂੰ ਟਰੇਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਸ:ਆਈ: ਬਲਵਿੰਦਰ ਸਿੰਘ ਤਫਤੀਸ਼ ਦੌਰਾਨ ਬੋਹਨਾ ਚੌਂਕ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਰਵਿੰਦਰ ਸਿੰਘ ਗੁਰੀ ਉਕਤ ਇਸ ਵਕਤ ਪਹਾੜਾ ਸਿੰਘ ਚੌਂਕ ਵਿੱਚ ਖੜਾ ਹੈ ਅਤੇ ਆਪਣੇ ਸਹੁਰੇ ਪਿੰਡ ਮਹਿਰੋਂ ਵਿਖੇ ਜਾਣ ਦੀ ਤਿਆਰੀ ਵਿੱਚ ਹੈ ਜਿਸਤੇ ਮੁਦਈ ਮੁਕੱਦਮਾ ਨੂੰ ਹਮਰਾਹ ਲੈ ਕੇ ਦੋਸ਼ੀ ਗੁਰਵਿੰਦਰ ਸਿੰਘ ਗੁਰੀ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਧਮਕੀਆਂ ਦੀ ਸੂਚਨਾ ਤੁਰੰਤ ਸਬੰਧਤ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਉਣ ਜ਼ਿਲ੍ਹਾ ਮੋਗਾ ਦੀ ਪੁਲਿਸ ਵੱਲੋਂ ਅਜਿਹੀਆਂ ਧਮਕੀਆਂ ਦੇਣ ਵਾਲੇ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।