ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ 7 ਜਣਿਆਂ ਵਿਰੁੱਧ ਐਫ.ਆਈ.ਆਰ ਦਰਜ: ਐਸ.ਐਸ.ਪੀ ਸੁਰੇਂਦਰ ਲਾਂਬਾ
ਜ਼ਿਲ੍ਹਾ ਸੰਗਰੂਰ ’ਚ ਅਸਲਾ ਲਾਇਸੰਸਾਂ ਦੀ ਪੜਤਾਲ ਪ੍ਰਕਿਰਿਆ ਜਾਰੀ: ਜ਼ਿਲ੍ਹਾ ਮੈਜਿਸਟਰੇਟ ਜਤਿੰਦਰ ਜੋਰਵਾਲ
ਸੰਗਰੂਰ, 23 ਨਵੰਬਰ (ਜਗਸੀਰ ਲੌਂਗੋਵਾਲ ) -
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਸੰਸੀ ਹਥਿਆਰਾਂ ਦੀ ਸ਼ੁਰੂ ਕੀਤੀ ਗਈ ਪੜਤਾਲ ਦੇ ਮੁਢਲੇ ਪੜਾਅ ਤਹਿਤ 119 ਅਸਲਾ ਲਾਇਸੰਸ ਰੱਦ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਨ੍ਹਾਂ ਲਾਇਸੰਸ ਧਾਰਕਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੀ ਤਰਫੋਂ 55 ਅਜਿਹੇ ਵਿਅਕਤੀਆਂ ਦੇ ਅਸਲਾ ਲਾਇਸੰਸ ਰੱਦ ਕਰਨ ਦੀ ਸਿਫਾਰਿਸ਼ ਪ੍ਰਾਪਤ ਹੋਈ ਹੈ ਜਿੰਨ੍ਹਾਂ ਵਿਰੁੱਧ ਪੁਲਿਸ ਮੁਕੱਦਮੇ ਦਰਜ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸਬ ਡਵੀਜ਼ਨ ਪੱਧਰ ’ਤੇ ਅਸਲਾ ਧਾਰਕਾਂ ਦੇ ਲਾਇਸੰਸਾਂ ਦੀ ਪੜਤਾਲ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸਬੰਧਤ ਉਪ ਮੰਡਲ ਡਵੀਜ਼ਨ ਦੇ ਐਸ.ਡੀ.ਐਮ, ਡੀ.ਐਸ.ਪੀ, ਤਹਿਸੀਲਦਾਰ ਤੇ ਥਾਣਾ ਮੁਖੀ ਸ਼ਾਮਲ ਹਨ ਜੋ ਕਿ ਸਾਰੇ ਲਾਇਸੰਸਾਂ ਦੀ ਢੁਕਵੀਂ ਜਾਂਚ ਕਰਨ ਵਿੱਚ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਤਰਜੀਹੀ ਆਧਾਰ ’ਤੇ ਜਾਂਚ ਪੜਤਾਲ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਇਆ ਜਾਵੇ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ 7 ਜਣਿਆਂ ਖਿਲਾਫ਼ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਵਿਅਕਤੀ ਯੋਗ ਅਸਲਾ ਲਾਇਸੰਸਾਂ ਲਈ ਨਿਰਧਾਰਿਤ ਅਸਲੇ ਨਾਲੋਂ ਵੱਧ ਅਸਲਾ ਆਪਣੇ ਕੋਲ ਰੱਖੀ ਬੈਠੇ ਹਨ, ਉਨ੍ਹਾਂ ਦੇ ਲਾਇਸੰਸ ਕੈਂਸਲ ਕਰਨ ਲਈ ਵੀ ਕਾਰਵਾਈ ਆਰੰਭੀ ਗਈ ਹੈ। ਐਸ.ਐਸ.ਪੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਗੰਨ ਹਾਊਸਾਂ ਵਿਖੇ ਅਸਲੇ ਦੀ ਜਾਂਚ ਪੜਤਾਲ ਲਈ ਐਸ.ਪੀ ਅਤੇ ਡੀ.ਐਸ.ਪੀ ਦੀ ਡਿਊਟੀ ਲਗਾਈ ਗਈ ਹੈ ਅਤੇ ਜਲਦੀ ਹੀ ਜ਼ਿਲ੍ਹੇ ਵਿੱਚ ਜਾਂਚ ਪੜਤਾਲ ਦੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾ ਦਿੱਤਾ ਜਾਵੇਗਾ।