ਮੁਲਜਮਾਂ ਖਿਲਾਫ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ, ਮੁਲਜਮਾਂ ਦੀ ਨਾਜਾਇਜ ਪ੍ਰਾਪਰਟੀ ਦੀ ਭਾਲ ਕਰ ਰਹੀ ਹੈ ਪੁਲੀਸ
ਮੋਹਾਲੀ ਪੁਲੀਸ ਵਲੋਂ ਨਸ਼ਿਆਂ ਵਿਰੁਧ ਵਿੱਢੀ ਗਈ ਮੁਹਿੰਮ ਦੇ ਤਹਿਤ ਦੋ ਵਿਅਕਤੀਆਂ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਵਤਾਰ ਸਿੰਘ ਤਾਰੀ ਅਤੇ ਸੁਖਦੇਵ ਸਿੰਘ ਦੋਵੇਂ ਵਾਸੀ ਪਿੰਡ ਦੁਰਾਲੀ ਜਿਲਾ ਮੁਹਾਲੀ ਵਜੋਂ ਹੋਈ ਹੈ।
ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਐਰੋਸਿਟੀ ਦੇ ਮੁਖੀ ਜਸ਼ਨਪ੍ਰੀਤ ਸਰਾਂ ਅਤੇ ਐਸ. ਆਈ ਰਿਖਲ ਯਾਦਵ ਪੁਲੀਸ ਪਾਰਟੀ ਸਮੇਤ ਪਿੰਡ ਦੁਰਾਲੀ ਵਿਖੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲੀਸ ਨੇ ਪਿੰਡ ਦੀ ਫਿਰਨੀ ਕੋਲ ਇਕ ਕਾਰ ਦੇਖੀ, ਜਿਸ ਵਿੱਚ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠੇ ਦਿਖਾਈ ਦੇ ਰਹੇ ਸਨ। ਪੁਲੀਸ ਟੀਮ ਜਦੋਂ ਕਾਰ ਦੇ ਨਜ਼ਦੀਕ ਗਈ ਤਾਂ ਉਸ ਵਿੱਚ ਬੈਠੇ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ, ਜਿਨਾਂ ਨੇ ਡੈਸ਼ ਬੋਰਡ ਤੇ ਇਕ ਲਾਈਟਰ ਅਤੇ ਫੁਆਇਲ ਪੇਪਰ ਰੱਖਿਆ ਹੋਇਆ ਸੀ।
ਉਹਨਾਂ ਦੱਸਿਆ ਕਿ ਪੁਲੀਸ ਨੇ ਸ਼ੱਕ ਪੈਣ ਤੇ ਉਕਤ ਨੋਜਵਾਨਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਡੈਸ਼ ਬੋਰਡ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ 9 ਗ੍ਰਾਮ ਹੈਰੋਇਨ ਅਤੇ 1 ਲੱਖ 550 ਰੁਪਏ ਡਰੱਗ ਮਨੀ ਬਰਾਮਦ ਹੋਈ। ਪੁਲੀਸ ਨੇ ਜਦੋਂ ਦੋਵਾਂ ਨੌਜਵਾਨਾਂ ਦੀ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜਮ ਅਵਤਾਰ ਸਿੰਘ ਤਾਰੀ ਵਿਰੁਧ ਪਹਿਲਾਂ ਤੋਂ ਚੋਰੀ ਅਤੇ ਤਸਕਰੀ ਦੇ ਕਰੀਬ ਪੰਜ ਮਾਮਲੇ ਦਰਜ ਹਨ। ਇਸੇ ਤਰਾਂ ਮੁਲਜਮ ਸੁਖਦੇਵ ਸਿੰਘ ਖਿਲਾਫ ਚੋਰੀ ਦਾ ਇਕ ਅਤੇ ਨਸ਼ਾ ਤਸਕਰੀ ਦੇ ਤਿੰਨ ਕੁਲ 4 ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਉਕਤ ਦੋਵਾਂ ਮੁਲਜਮਾਂ ਦਾ 1 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਉਕਤ ਮੁਲਜਮਾਂ ਖਿਲਾਫ ਕਾਨੂੰਨ ਮੁਤਾਬਕ ਉਨਾਂ ਦੀ ਨਜਾਇਜ ਬਣਾਈ ਗਈ ਜਾਇਦਾਦ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਫੇਜ਼ 11 ਦੀ ਪੁਲੀਸ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਮੁਲਜਮ ਕੀਤਾ ਕਾਬੂ
ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਫੇਜ਼ 11 ਦੀ ਪੁਲੀਸ ਵਲੋਂ ਵੀ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਥਾਣਾ ਫੇਜ 11 ਦੇ ਮੁਖੀ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗਸ਼ਤ ਦੌਰਾਨ ਰਿਤਿਕ ਵਾਸੀ ਅੰਬ ਸਾਹਿਬ ਕਲੋਨੀ ਫੇਜ਼ 11 ਮੁਹਾਲੀ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜਮ ਰਿਤਿਕ ਖਿਲਾਫ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਅਦਾਲਤ ਵਲੋਂ ਉਸ ਨੂੰ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ। ਪੁਲੀਸ ਰਿਮਾਂਡ ਦੌਰਾਨ ਪਤਾ ਕਰੇਗੀ ਕਿ ਉਹ ਉਕਤ ਹੈਰੋਇਨ ਕਿਥੋਂ ਲੈ ਕੇ ਆਇਆ ਹੈ ਅਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ।