ਡੇਰਾਬੱਸੀ/ਮੋਹਾਲੀ, 1 ਅਕਤੂਬਰ
ਗੁਰਵਿੰਦਰ ਸਿੰਘ
ਡੇਰਾਬੱਸੀ ਨੇੜੇ ਚੰਡੀਗੜ੍ਹ-ਅੰਬਾਲਾ ਹਾਈਵੇ 'ਤੇ ਸਥਿਤ ਦੱਪਰ ਟੋਲ ਪਲਾਜ਼ਾ ਨੂੰ ਮੁਫ਼ਤ ਕਰ ਦਿੱਤਾ ਗਿਆ ਹੈ। ਇਸ ਨੂੰ ਕਿਸਾਨ ਜਥੇਬੰਦੀਆਂ ਲੱਖੋਵਾਲ ਅਤੇ ਉਗਰਾਹਾਂ ਵਲੋਂ ਧਰਨਾ ਦੇ ਕੇ ਮੁਕਤ ਕਰਵਾਇਆ ਗਿਆ। ਜਿਸ ਕਾਰਨ ਵਾਹਨ ਬਿਨਾਂ ਟੋਲ ਦੇ ਉਥੋਂ ਲੰਘ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿਸਾਨਾਂ ਅਤੇ ਟੋਲ ਕਰਮਚਾਰੀਆਂ ਵਿਚਾਲੇ ਬਹਿਸ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਟੋਲ ਕੰਪਨੀ ਨੇ ਤਾਨਾਸ਼ਾਹੀ ਫੈਸਲਾ ਲੈਂਦਿਆਂ ਪੁਰਾਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਕੇ ਨਵੇਂ ਮੁਲਾਜ਼ਮਾਂ ਨੂੰ ਬਾਹਰੋਂ ਬੁਲਾ ਕੇ ਟੋਲ ਪਲਾਜ਼ਾ ’ਤੇ ਤਾਇਨਾਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਉਹ ਸਥਾਨਕ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਢਿੱਡ ਵਿਚ ਲੱਤ ਮਾਰੀ ਗਈ ਤਾਂ ਕਿਸਾਨ ਵਰਗ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਜਥੇਬੰਦੀਆਂ ਨੇ ਦੱਸਿਆ ਕਿ ਬਰਖਾਸਤ ਮੁਲਾਜ਼ਮਾਂ ਨੇ ਉਨ੍ਹਾਂ ਕੋਲ ਆ ਕੇ ਇਹ ਗੱਲ ਦੱਸੀ। ਇਸ ਤੋਂ ਬਾਅਦ ਟੋਲ ਕੰਪਨੀ ਨਾਲ ਦੋ ਮੀਟਿੰਗਾਂ ਕੀਤੀਆਂ ਗਈਆਂ ਅਤੇ ਮੰਗ ਕੀਤੀ ਗਈ ਕਿ ਇਨ੍ਹਾਂ ਨੂੰ ਹਟਾਉਣ ਦੀ ਬਜਾਏ ਕਿਤੇ ਜਗ੍ਹਾ ਦਿੱਤੀ ਜਾਵੇ। ਜਦੋਂ ਕੰਪਨੀ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਨੂੰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।