ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 84,48,507 ਮੀਟਰਕ ਟਨ ਝੋਨਾ ਆਇਆ : ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ
- ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 81,80,888 ਮੀਟਰਕ ਟਨ ਝੋਨੇ ਦੀ ਕੀਤੀ ਖਰੀਦ
-ਕਿਹਾ ਕਿ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ 11,531 ਕਰੋੜ ਰੁਪਏ ਦੀ ਕੀਤੀ ਗਈ ਅਦਾਇਗੀ
-ਵਧੀਕ ਮੁੱਖ ਸਕੱਤਰ ਵੱਲੋਂ ਖੰਨਾ ਬਲਾਕ ਦੇ ਅਗਾਂਹਵਧੂ ਕਿਸਾਨਾਂ ਨੂੰ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ
-ਅਨੁਰਾਗ ਅਗਰਵਾਲ ਵੱਲੋਂ ਪਿੰਡ ਘੁੰਗਰਾਲੀ ਰਾਜਪੂਤਾ (ਖੰਨਾ) ਵਿਖੇ ਫਾਰਮ ਗੈਸ ਪ੍ਰਾਈਵੇਟ ਲਿਮਟਿਡ ਦਾ ਵੀ ਕੀਤਾ ਦੌਰਾ
--ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 84,48,507 ਮੀਟਰਕ ਟਨ ਝੋਨਾ ਆਇਆ ਅਤੇ ਇਸ ਝੋਨੇ ਵਿੱਚੋ ਸਰਕਾਰੀ ਖਰੀਦ ਏਜੰਸੀਆਂ ਵੱਲੋਂ 81,80,888 ਮੀਟਰਕ ਟਨ ਝੋਨੇ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ 11,531 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜਾ ਲੈਣ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਸ ਵੀ ਸ਼ਾਮਲ ਸਨ।
ਸ੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਸਹੂਲਤ ਲਈ ਚੱਲ ਰਹੇ ਝੋਨੇ ਦੇ ਸੀਜ਼ਨ ਵਿੱਚ ਝੋਨੇ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਝੋਨੇ ਦੇ ਖਰੀਦ ਸੀਜਨ ਦੌਰਾਨ ਕਿਸਾਨਾਂ ਦੀ ਉਪਜ ਦੇ ਇੱਕ-ਇੱਕ ਦਾਣੇ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖਰੀਦ ਕੇ ਉਸ ਦੀ ਲਿਫਟਿੰਗ ਨੂੰ ਯਕੀਨੀ ਬਣਾਏਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਹਨ ਕਿ ਕਿਸਾਨਾਂ ਦੀ ਫ਼ਸਲ ਅਨਾਜ ਮੰਡੀਆਂ ਵਿੱਚੋਂ ਤੁਰੰਤ ਚੁੱਕ ਲਈ ਜਾਵੇ ਅਤੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵੇਲੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਤੋਂ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 48 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਢੋਆ ਢੋਆਈ ਅਤੇ ਸਟੋਰੇਜ਼ ਵਿੱਚ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਇਸ ਤੋਂ ਬਾਅਦ ਪਿੰਡ ਲਿਬੜਾ (ਖੰਨਾ) ਦੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਵਿੱਚ ਗਏ ਅਤੇ ਜਾ ਕੇ ਦੇਖਿਆ ਕਿ ਇਹ ਕਿਸਾਨ ਦੂਸਰੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਹਨ ਅਤੇ ਕਿਸਾਨਾਂ ਵੱਲੋਂ ਪਿਛਲੇ ਸਾਲਾਂ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਫਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਰਲਾ ਕੇ ਜਿੱਥੇ ਵਾਤਾਵਰਨ ਸਾਫ ਰੱਖਣ ਵਿੱਚ ਯੋਗਦਾਨ ਪਾਇਆ ਹੈ ਉੱਥੇ ਹੀ ਆਪਣੇ ਖੇਤਾਂ ਦੀ ਮਿੱਟੀ ਨੂੰ ਹੋਰ ਉਪਜਾਊ ਬਣਾਇਆ ਹੈ ਅਤੇ ਕਿਸਾਨਾਂ ਵੱਲੋਂ ਫਸਲੀ ਵਿਭਿੰਨਤਾ ਅਪਨਾਉਣ ਵਿੱਚ ਵੀ ਮੋਹਰੀ ਯੋਗਦਾਨ ਪਾਇਆ ਜਾ ਰਿਹਾ ਹੈ। ਖੰਨਾ ਬਲਾਕ ਦੇ ਵੱਖ-ਵੱਖ ਕਿਸਾਨਾਂ ਨੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਜੀ ਨੂੰ ਦੱਸਿਆ ਕਿ ਉਹਨਾਂ ਵਲੋਂ ਲਗਾਤਾਰ ਕਈ ਸਾਲਾਂ ਤੋਂ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਰਲਾਇਆ ਜਾ ਰਿਹਾ ਹੈ, ਜਿਸ ਦੇ ਪ੍ਰਤੱਖ ਨਤੀਜੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਮਿੱਟੀ ਵਿੱਚ ਜੈਵਿਕ ਮਾਦੇ ਦਾ ਵਾਧਾ ਹੋਣਾ, ਮਿੱਟੀ ਦਾ ਪੀ.ਐਚ. ਲੈਵਲ ਬੈਲੇਂਸ ਹੋਣਾ ਅਤੇ ਖਾਦਾਂ ਦੀ ਖਪਤ ਘਟਣਾ ਪ੍ਰਮੁੱਖ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਜ਼ਮੀਨ ਵਿੱਚ ਮਿੱਤਰ ਕੀੜਿਆਂ ਦੀ ਗਿਣਤੀ ਵੀ ਬਹੁਤ ਵਧੀ ਹੈ। ਸ੍ਰੀ ਅਗਰਵਾਲ ਨੇ ਖੰਨਾ ਬਲਾਕ ਦੇ ਅਗਾਂਹਵਧੂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਖੇਤਰ ਵਿੱਚ ਪਰਾਲੀ ਸਾੜਨ ਵਿਰੋਧੀ ਮੁਹਿੰਮ ਦਾ ਸੰਦੇਸ਼ ਫੈਲਾਉਣ ਤਾਂ ਜੋ ਸਾਫ਼ ਸੁਥਰਾ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਹੀ `ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ` ਦਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਸੰਦੇਸ਼ ਦ੍ਰਿੜ ਕਰਨਾ ਹੋਵੇਗਾ।
ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਨੇ ਇਸ ਤੋਂ ਬਾਅਦ ਪਿੰਡ ਘੁੰਗਰਾਲੀ ਰਾਜਪੂਤਾ (ਖੰਨਾ) ਵਿਖੇ ਫਾਰਮ ਗੈਸ ਪ੍ਰਾਈਵੇਟ ਲਿਮਟਿਡ ਦਾ ਦੌਰਾ ਕੀਤਾ ਜਿੱਥੇ ਝੋਨੇ ਦੀ ਪਰਾਲੀ ਤੋਂ ਬਾਇਓ ਸੀ.ਐਨ.ਜੀ ਤਿਆਰ ਹੁੰਦੀ ਹੈ। ਇਸ ਦੇ ਪ੍ਰਬੰਧਕਾਂ ਵੱਲੋਂ ਵਧੀਕ ਮੁੱਖ ਸਕੱਤਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਗੈਸ ਪਲਾਂਟ ਨੂੰ ਚਲਾਉਣ ਲਈ ਰੌਜ਼ਾਨਾ 102.5 ਮੀਟਰਕ ਟਨ ਪ੍ਰਤੀ ਦਿਨ ਪਰਾਲੀ ਦੀ ਖਪਤ ਹੋਵੇਗੀ ਅਤੇ ਇਹ ਖਪਤ ਤਕਰੀਬਨ 35362 ਮੀਟਰਕ ਟਨ ਪ੍ਰਤੀ ਸਾਲ ਹੋਵੇਗੀ। ਉਹਨਾਂ ਕਿਹਾ ਕਿ ਇਸ ਗੈਸ ਪਲਾਂਟ ਵਿੱਚ ਪਰਾਲੀ ਤੋਂ ਬਾਇਓ ਸੀ.ਐਨ.ਜੀ ਤਿਆਰ ਹੁੰਦੀ ਹੈ, ਜਿਸ ਦੀ ਵਰਤੋਂ ਸੀ.ਐਨ.ਜੀ ਗੱਡੀਆਂ ਵਿੱਚ ਕੀਤੀ ਜਾਂਦੀ ਹੈ ਅਤੇ ਪਰਾਲੀ ਵਿੱਚੋਂ ਗੈਸ ਕੱਢਣ ਤੋਂ ਬਾਅਦ ਉਸ ਦੀ ਰਹਿੰਦ-ਖੂੰਹਦ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਵਰਤੀ ਜਾਂਦੀ ਹੈ। ਉਹਨਾਂ ਫਾਰਮ ਗੈਸ ਪ੍ਰਾਈਵੇਟ ਲਿਮਟਿਡ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਝੋਨੇ ਦੀ ਪਰਾਲੀ ਤੋਂ ਰੌਜ਼ਾਨਾ ਇਸ ਪਲਾਂਟ ਵਿੱਚ 12 ਮੀਟਰਕ ਟਨ ਪ੍ਰਤੀ ਦਿਨ ਗੈਸ ਤਿਆਰ ਹੋਵੇਗੀ, ਜਿਸ ਦੀ ਮਾਤਰਾਂ ਇੱਕ ਸਾਲ ਵਿੱਚ ਤਕਰੀਬਨ 4140 ਮੀਟਰਕ ਟਨ ਪ੍ਰਤੀ ਸਾਲ ਹੋਵੇਗੀ। ਇਸੇ ਤਰ੍ਹਾਂ ਪਰਾਲੀ ਦੀ ਰਹਿੰਦ ਖੂੰਹਦ ਤੋਂ 30 ਮੀਟਰਕ ਟਨ ਪ੍ਰਤੀ ਦਿਨ ਖਾਦ ਤਿਆਰ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟੇ੍ਰਟ ਸ੍ਰੀਮਤੀ ਮਨਜੀਤ ਕੌਰ, ਤਹਿਸੀਲਦਾਰ ਸ੍ਰੀ ਨਵਦੀਪ ਭੋਗਲ, ਮੁੱਖ ਖੇਤੀਬਾੜੀ ਅਫਸਰ ਡਾ. ਅਮਨਜੀਤ ਸਿੰਘ, ਜਿਲਾ ਖੁਰਾਕ ਸਪਲਾਈ ਕੰਟਰੋਲਰ (ਪੂਰਬੀ) ਸ੍ਰੀਮਤੀ ਸਿਫਾਲੀ ਚੋਪੜਾ, ਜਿਲਾ ਮੰਡੀ ਅਫਸਰ ਲੁਧਿਆਣਾ ਸ੍ਰੀ ਬੀਰ ਇੰਦਰ ਸਿੰਘ ਸਿੱਧੂ, ਖੇਤੀਬਾੜੀ ਅਫਸਰ ਖੰਨਾ ਡਾ. ਜਸਵਿੰਦਰਪਾਲ ਸਿੰਘ, ਖੇਤੀਬਾੜੀ ਅਫਸਰ ਲੁਧਿਆਣਾ ਡਾ. ਜਗਦੇਵ ਸਿੰਘ, ਪ੍ਰਧਾਨ ਆੜਤੀਆ ਐਸੋਸੀਏਸਨ ਖੰਨਾ ਸ੍ਰ. ਹਰਬੰਸ ਸਿੰਘ ਰੋਸਾ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਿਸਾਨ ਮੌਜੂਦ ਸਨ।
Additional-Chief-Secretary-Punjab-Anurag-Aggarwal-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)