ਚੰਡੀਗੜ੍ਹ, 12 ਦਸੰਬਰ (ਗੁਰਵਿੰਦਰ ਸਿੰਘ) ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੁੱਖ ਮੰਗਾਂ ਦੀ ਮੰਗ ਨੂੰ ਲੈ ਕੇ ਖਨੌਰੀ ਸਰਹੱਦ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਅੱਜ 18ਵਾਂ ਦਿਨ ਹੈ। ਡੱਲੇਵਾਲ ਦੀ ਵਿਗੜਦੀ ਸਿਹਤ ਤੇ ਨਜ਼ਰ ਰੱਖਣ ਵਾਲੇ ਪ੍ਰਾਈਵੇਟ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਗੁਰਦੇ ਕਿਸੇ ਵੀ ਸਮੇਂ ਫੇਲ ਹੋ ਸਕਦੇ ਹਨ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਵੱਧ ਗਿਆ ਹੈ। ਲੰਬੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਉਸ ਦੇ ਲੀਵਰ ਵਿੱਚ ਵੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਹਨਾਂ ਭਾਰ 12 ਕਿਲੋਗ੍ਰਾਮ ਤੋਂ ਵੱਧ ਘੱਟ ਗਿਆ ਹੈ।
ਜਿਕਰਯੋਗ ਹੈ ਕਿ ਬੀਤੇ ਦਿਨ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਆਈ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਕਿਸਾਨਾਂ ਨੇ ਰੋਕ ਲਿਆ ਸੀ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਡਾਕਟਰ ਡੱਲੇਵਾਲ ਦੀ ਪ੍ਰੀ- ਮੈਡੀਕਲ ਜਾਂਚ ਦੀ ਰਿਪੋਰਟ ਪੇਸ਼ ਕਰਨ ਤਾਂ ਹੀ ਉਸ ਨੂੰ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਡੱਲੇਵਾਲ ਦੇ ਸਮਰਥਨ ਵਿੱਚ ਅਪੀਲ ਕੀਤੀ ਹੈ ਕਿ ਲੋਕ ਅੱਜ ਸ਼ਾਮ ਨੂੰ ਆਪਣੇ ਘਰਾਂ ਵਿੱਚ ਖਾਣਾ ਨਾ ਪਕਾਉਣ ਅਤੇ ਆਪਣੇ ਪਰਿਵਾਰਾਂ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਪੋਸਟ ਕਰਕੇ ਜਗਜੀਤਸਿੰਘਡੱਲੇਵਾਲ ਨਾਲ ਸਾਂਝੀਆਂ ਕਰਨ। ਉਨ੍ਹਾਂ ਕਿਹਾ ਕਿ 13 ਦਸੰਬਰ ਨੂੰ ਪਿੰਡਾਂ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਪੁਤਲੇ ਫੂਕੇ ਜਾਣੇ ਚਾਹੀਦੇ ਹਨ ਕਿਉਂਕਿ ਸਿਆਸੀ ਪਾਰਟੀਆਂ ਕਿਸਾਨਾਂ ਦੇ ਮਸਲਿਆਂ ਤੇ ਗੰਭੀਰਤਾ ਨਹੀਂ ਦਿਖਾ ਰਹੀਆਂ। ਇਸ ਦੌਰਾਨ ਡੱਲੇਵਾਲ ਨੇ ਅੱਜ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਜੋ ਲੜਾਈ ਲੜੀ ਜਾ ਰਹੀ ਇਹ ਐਮ ਐਸ ਪੀ, ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਜੋ ਪੰਜਾਬ ਦੇ ਭਵਿੱਖ ਦੀ ਲੜਾਈ ਹੈ। ਸੋ ਇਸ ਲੜਾਈ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ। ਸਰਕਾਰ ਮੋਰਚੇ ਨੂੰ ਕਮਜ਼ੋਰ ਕਰਨ ਦੀ ਕੋਸਿਸ਼ ਕਰ ਰਹੀ ਹੈ। ਡੱਲੇਵਾਲ ਨੇ ਅਪੀਲ ਕੀਤੀ ਕਿ ਹਰ ਘਰ ਵਿਚੋਂ ਇਕ -ਇਕ ਜੀਅ ਨੂੰ ਮੋਰਚੇ ਵਿੱਚ ਜ਼ਰੂਰ ਪਹੁੰਚੇ। ਡੱਲੇਵਾਲ ਨੇ ਕਿਹਾ ਕਿ ਬੀਤੀ ਰਾਤ ਸਰਕਾਰ ਨੇ ਇਕ ਹੋਰ ਕੋਸ਼ਿਸ ਕੀਤੀ ਮੋਰਚੇ ਨੂੰ ਕਿਵੇਂ ਫੇਲ੍ਹ ਕੀਤਾ ਜਾਵੇ। ਸਰਕਾਰ ਮੋਰਚੇ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਮੀਡੀਆ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਸ ਗੱਲ ਨੂੰ ਜਨਤਕ ਕੀਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹ ਸਾਡੀ ਸਭ ਦੀ ਲੜਾਈ ਹੈ ਕਿਉਂਕਿ ਅਸੀਂ ਸਾਰੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਐਮ. ਐਸ. ਪੀ ਨੂੰ ਗਾਰੰਟੀ ਕਾਨੂੰਨ ਦਾ ਦਰਜਾ ਨਹੀਂ ਦਿੱਤਾ ਹੈ, ਦੇਸ਼ ਦਾ ਕਿਸਾਨ ਅੱਜ ਵੀ ਸਾਰਿਆਂ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਕਰਯੋਗ ਹੈ ਕਿ ਪਿਛਲੇ ਅੱਠ ਮਹੀਨਿਆਂ ਤੋਂ ਕਿਸਾਨ ਸਾਰੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 17 ਦਿਨਾਂ ਤੋਂ ਭੁੱਖ ਹੜਤਾਲ ਤੇ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਯੁੰਕਤ ਕਿਸਾਨ ਮੋਰਚਾ ਦੇ ਆਗੂ ਬਹੁਤ ਫਿਕਰਮੰਦ ਹਨ। ਭਲਕੇ ਦੁਪਹਿਰ 1 ਵਜੇ ਐਸ ਕੇ ਐਮ ਦੇ ਕੁਝ ਆਗੂ ਖਨੌਰੀ ਬਾਰਡਰ ਤੇ ਜਾਣਗੇ, ਜਿਨ੍ਹਾਂ ਵਿੱਚ ਉਹਨਾਂ ਦੇ ਨਾਲ ਹਰਿੰਦਰ ਸਿੰਘ ਲੱਖੋਵਾਲ, ਰਤਨਮਾਨ ਅਤੇ ਕਿਸਾਨ ਜੱਥੇਬੰਦੀਆਂ ਦੇ ਆਗੂ ਸ਼ਾਮਲ ਹੋਣਗੇ।