ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ‘ਚ 44 ਫ਼ੀਸਦ ਵਾਧਾ; ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਮਿਸਾਲ ਬਣ ਕੇ ਉੱਭਰਿਆ
Aug4,2024
| Gautam Jalandhari | Chandigarh
ਇਕੱਲੇ ਮੁਕਤਸਰ ਜ਼ਿਲ੍ਹੇ ਵਿੱਚ 78,468 ਏਕੜ ਰਕਬਾ ਸਿੱਧੀ ਬਿਜਾਈ ਹੇਠ
ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਮਿਲਣਗੇ 1500 ਰੁਪਏ: ਗੁਰਮੀਤ ਸਿੰਘ ਖੁੱਡੀਆਂ
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਅਧੀਨ ਰਕਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 44 ਫ਼ੀਸਦ ਵਾਧਾ ਹੋਇਆ ਹੈ। ਪਾਣੀ ਦੀ ਬੱਚਤ ਕਰਨ ਵਾਲੀ ਡੀ.ਐਸ.ਆਰ. ਤਕਨੀਕ ਦੀ ਵਰਤੋਂ ਕਰਦਿਆਂ ਇਸ ਸਾਲ 2.48 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ, ਜੋ ਕਿ ਸਾਲ 2023 ਦੇ ਸਾਉਣੀ ਸੀਜ਼ਨ ਦੌਰਾਨ 1.72 ਲੱਖ ਏਕੜ ਸੀ। ਡੀ.ਐਸ.ਆਰ. ਵਿਧੀ ਦੀ ਵਰਤੋਂ ਕਰਨ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸੂਬੇ ਭਰ ਵਿੱਚ ਮੋਹਰੀ ਰਿਹਾ ਹੈ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ 78,468 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸੂਬੇ ਵਿੱਚ ਮੋਹਰੀ ਰਿਹਾ ਹੈ। ਇਸ ਬਾਅਦ ਫਾਜ਼ਿਲਕਾ (75,824 ਏਕੜ), ਅੰਮ੍ਰਿਤਸਰ (17,913 ਏਕੜ), ਫਿਰੋਜ਼ਪੁਰ (17,644 ਏਕੜ) ਅਤੇ ਬਠਿੰਡਾ (12,760 ਏਕੜ) ਵਿੱਚ ਕ੍ਰਮਵਾਰ ਝੋਨੇ ਦੀ ਸਭ ਤੋਂ ਵੱਧ ਸਿੱਧੀ ਬਿਜਾਈ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕੱਦੂ ਕਰਕੇ ਝੋਨੇ ਦੀ ਲੁਆਈ ਵਾਲੇ ਰਵਾਇਤੀ ਢੰਗ, ਜਿਸ ਨਾਲ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ, ਦੀ ਥਾਂ ਡੀ.ਐਸ.ਆਰ. ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਵਿੱਤੀ ਵਰ੍ਹੇ 2023-24 ਦੌਰਾਨ ਡੀ.ਐਸ.ਆਰ. ਵਿਧੀ ਅਪਣਾਉਣ ਵਾਲੇ 17,116 ਕਿਸਾਨਾਂ ਨੂੰ 20.33 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਗਈ ਸੀ। ਸੂਬਾ ਸਰਕਾਰ ਨੇ ਵਿੱਤੀ ਵਰ੍ਹੇ 2024-25 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ 50 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਰੱਖੀ ਗਈ ਹੈ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹੁਣ ਤੱਕ 24,120 ਕਿਸਾਨਾਂ ਨੇ ਡੀ.ਐਸ.ਆਰ. ਪੋਰਟਲ 'ਤੇ 2.48 ਲੱਖ ਏਕੜ ਜ਼ਮੀਨ ਦੀ ਰਜਿਸਟ੍ਰੇਸ਼ਨ ਕਰਵਾਈ ਹੈ। ਖੇਤੀਬਾੜੀ ਵਿਭਾਗ ਦੇ ਫ਼ੀਲਡ ਅਧਿਕਾਰੀ ਕਿਸਾਨਾਂ ਅਤੇ ਉਨ੍ਹਾਂ ਦੇ ਡੀਐਸਆਰ-ਰਜਿਸਟਰਡ ਰਕਬੇ ਦੀ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਸਦੀਕ ਪ੍ਰਕਿਰਿਆ ਮੁਕੰਮਲ ਹੋਣ ਬਾਅਦ ਪ੍ਰੋਤਸਾਹਨ ਰਾਸ਼ੀ ਸਿੱਧੀ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।
Powered by Froala Editor
Punjab-Agriculture-And-Farmers-Welfare-Minister-Gurmeet-Singh-Khudian-Water-conserving-Dsr-Technique-Direct-Seeding-Of-Rice-dsr-Sri-Muktsar-Sahib-District-Topped-